ਬਾਂਦਾ (ਉਤਰ ਪ੍ਰਦੇਸ਼): ਬਾਹੂਬਲੀ ਵਿਧਾਇਕ ਅਤੇ ਮਾਫ਼ੀਆ ਡੌਨ ਮੁਖ਼ਤਾਰ ਅੰਸਾਰੀ ਯੂਪੀ ਵਿੱਚ ਪਹੁੰਚਦਿਆਂ ਹੀ ਨਿਰੋਗ ਹੋ ਗਿਆ ਹੈ। ਬਾਂਦਾ ਵਿੱਚ ਹੋਈ ਜਾਂਚ ਵਿੱਚ ਡਾਕਟਰਾਂ ਦੀ ਟੀਮ ਨੇ ਮੁਖ਼ਤਾਰ ਅੰਸਾਰੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਪਾਈ ਗਈ ਹੈ, ਜਦਕਿ ਪੰਜਾਬ ਪੁਲਿਸ ਮੁਖ਼ਤਾਰ ਅੰਸਾਰੀ ਨੂੰ 9 ਬਿਮਾਰੀਆਂ ਤੋਂ ਪੀੜਤ ਦੱਸ ਰਹੀ ਸੀ।
ਦੱਸ ਦਈਏ ਕਿ ਪੰਜਾਬ ਦੀ ਜੇਲ੍ਹ ਵਿੱਚ ਮੁਖਤਾਰ ਵੀਲ੍ਹਚੇਅਰ ਦਾ ਸਹਾਰਾ ਲੈਂਦਾ ਸੀ, ਪਰ ਉਤਰ ਪ੍ਰਦੇਸ਼ ਪਹੁੰਚਣ ਤੋਂ ਬਾਅਦ ਆਪਣੇ ਪੈਰਾਂ 'ਤੇ ਚੱਲਣ ਲੱਗਿਆ ਹੈ। ਬਾਂਦਾ ਪਹੁੰਚਣ ਤੋਂ ਬਾਅਦ ਵੀ ਮੁਖ਼ਤਾਰ ਅੰਸਾਰੀ ਐਂਬੂਲੈਂਸ ਤੋਂ ਆਪਣੇ ਪੈਰਾਂ ਨਾਲ ਉਤਰ ਕੇ ਜੇਲ੍ਹ ਅੰਦਰ ਗਿਆ ਸੀ। ਜੇਲ੍ਹ ਦੇ ਸੂਤਰ ਦੱਸਦੇ ਹਨ ਕਿ ਮੁਖ਼ਤਾਰ ਅੰਸਾਰੀ ਨੇ ਜੇਲ੍ਹ ਅੰਦਰ ਵੀ ਵੀਲ੍ਹ ਚੇਅਰ ਦੀ ਕਿਸੇ ਵੀ ਤਰ੍ਹਾਂ ਵਰਤੋਂ ਨਹੀਂ ਕੀਤੀ ਹੈ।
ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਮੁਕੇਸ਼ ਯਾਦਵ ਨੇ ਦੱਸਿਆ ਕਿ ਮੁਖ਼ਤਾਰ ਅੰਸਾਰੀ ਦਾ ਚਾਰ ਡਾਕਟਰਾਂ ਦੀ ਟੀਮ ਨੇ ਬਾਂਦਾ ਪੁੱਜਣ 'ਤੇ ਬੁੱਧਵਾਰ ਸਵੇਰੇ ਮੈਡੀਕਲ ਕੀਤਾ, ਜਿਸ ਵਿੱਚ ਉਹ ਸਿਹਤਮੰਤ ਪਾਇਆ ਗਿਆ। ਬੁੱਧਵਾਰ ਨੂੰ ਹੀ ਦੇਰ ਸ਼ਾਮ ਦੂਜੀ ਵਾਰ ਵੀ ਮੈਡੀਕਲ ਜਾਂਚ ਵਿੱਚ ਅੰਸਾਰੀ ਪੂਰੀ ਤਰ੍ਹਾਂ ਸਿਹਤਮੰਦ ਨਜ਼ਰ ਆਇਆ। ਹਾਲਾਂਕਿ ਮੁਖ਼ਤਾਰ ਅੰਸਾਰੀ ਦੀਆਂ ਕੁੱਝ ਦਵਾਈਆਂ ਚੱਲ ਰਹੀਆਂ ਹਨ, ਪਰ ਉਸ ਨੇ ਆਪਣੀ ਕਿਸੇ ਵੀ ਬਿਮਾਰੀ ਦਾ ਸਾਡੇ ਡਾਕਟਰਾਂ ਸਾਹਮਣੇ ਜ਼ਿਕਰ ਨਹੀਂ ਕੀਤਾ ਹੈ।