ਬੇਂਗਲੁਰੂ: ਕਰਨਾਟਕ ਦੇ ਬੇਂਗਲੁਰੂ ਤੋਂ ਦਿਲ ਕੰਬਾਉ ਹਾਦਸਾ ਵਾਪਰਿਆ, ਇੱਥੇ ਇੱਕ ਸੜਕੀ ਹਾਦਸੇ ਚ ਤਾਮਿਲਨਾਡੂ ਦੇ ਹੋਸੂਰ ਤੋਂ ਡੀਐਮਕੇ ਵਿਧਾਇਕ ਦੇ ਪੁੱਤਰ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮੰਗਲਵਾਰ ਤੜਕੇ ਇੱਕ ਤੇਜ਼ ਰਫਤਾਰ ਲਗਜ਼ਰੀ ਓਡੀ ਕਾਰ ਬੰਗਲੁਰੂ ’ਚ ਤੜਕਸਾਰ ਫੁੱਟਪਾਥ ’ਤੇ ਇੱਕ ਖੰਭੇ ਨਾਲ ਜਾ ਟਕਰਾਈ ਅਤੇ ਉਸ ਤੋਂ ਬਾਅਦ ਕੋਲ ਦੀ ਇੱਕ ਇਮਾਰਤ ਦੀ ਕੰਧ ਨਾਲ ਜਾ ਟਕਰਾਈ। ਇਹ ਘਟਨਾ ਕੋਰਮੰਗਲਾ ਖੇਤਰ ਦੇ ਮੰਗਲਾ ਕਲਿਆਣ ਮੰਟਾਪਾ ਦੇ ਨੇੜੇ ਵਾਪਰੀ। ਮ੍ਰਿਤਕਾਂ ਦੀ ਪਛਾਣ ਹੋਸੂਰ ਵਿਧਾਨ ਸਭਾ ਹਲਕੇ ਦੇ ਡੀਐਮਕੇ ਵਿਧਾਇਕ ਵਾਈ. ਪ੍ਰਕਾਸ਼ ਦੇ ਪੁੱਤਰ ਕਰੁਣ ਸਾਗਰ (28), ਬਿੰਦੂ, ਇਸ਼ਿਤਾ (21), ਡਾ: ਧਨੁਸ਼ਾ (21), ਅਕਸ਼ੈ ਗੋਇਲ (23), ਉਤਸਵ ਅਤੇ ਰੋਹਿਤ (23) ਵੱਜੋਂ ਹੋਈ ਹੈ।
ਔਦੁਗੋਡੀ ਟ੍ਰੈਫਿਕ ਪੁਲਿਸ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਉਨ੍ਹਾਂ ਵਿੱਚੋਂ ਛੇ ਦੀ ਮੌਕੇ 'ਤੇ ਅਤੇ ਇੱਕ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਲਗਜ਼ਰੀ ਵਾਹਨਾਂ ਦੇ ਏਅਰਬੈਗ ਨਹੀਂ ਖੁੱਲ੍ਹੇ, ਜਿਸ ਕਾਰਨ ਵਾਹਨ ਵਿੱਚ ਸਵਾਰ ਸਾਰੇ ਯਾਤਰੀਆਂ ਦੀ ਮੌਤ ਹੋ ਗਈ।
ਚਸ਼ਮਦੀਦਾ ਨੇ ਘਟਨਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਧਮਾਕੇ ਵਰਗੀ ਆਵਾਜ਼ ਸੁਣੀ। ਜਲਦੀ ਹੀ, ਲੋਕ ਇਕੱਠੇ ਹੋ ਗਏ ਅਤੇ ਐਂਬੂਲੈਂਸ ਅਤੇ ਪੁਲਿਸ ਨੂੰ ਬੁਲਾਇਆ। ਉਨ੍ਹਾਂ ਵਿੱਚੋਂ ਚਾਰ ਸਾਹ ਨਹੀਂ ਲੈ ਰਹੇ ਸੀ ਅਤੇ ਲਾਸ਼ਾਂ ਨੂੰ ਵਾਹਨ ਵਿੱਚੋਂ ਬਾਹਰ ਕੱਢਣ ਵਿੱਚ ਲਗਭਗ 20 ਮਿੰਟ ਲੱਗ ਗਏ।
ਸਾਰੇ ਮ੍ਰਿਤਕਾਂ ਦੀ ਉਮਰ 20 ਤੋਂ 30 ਸਾਲ ਦੇ ਵਿਚਾਲੇ ਹੈ। ਉਨ੍ਹਾਂ ਵਿੱਚੋਂ ਤਿੰਨ ਸਾਹਮਣੇ ਅਤੇ ਚਾਰ ਪਿੱਛੇ ਬੈਠੇ ਸਨ। ਮੁੱਢਲੀ ਜਾਂਚ ਦੇ ਅਨੁਸਾਰ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਸੀਟ ਬੈਲਟ ਨਹੀਂ ਪਾਈ ਹੋਈ ਸੀ। ਸਾਰੀਆਂ ਲਾਸ਼ਾਂ ਨੂੰ ਸੇਂਟ ਜੌਹਨ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ।