ਨਵੀਂ ਦਿੱਲੀ :ਕੇਂਦਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਦਿੱਲੀ ਦੇ ਬਾਰਡਰਾਂ 'ਤੇ ਲਗਭਗ ਤਿੰਨ ਮਹੀਨੀਆਂ ਤੋਂ ਕਿਸਾਨ ਅੰਦੋਲਨ ਜਾਰੀ ਹੈ। ਇਸ ਅੰਦੋਲਨ 'ਚ ਜਿਥੇ ਨੌਜਵਾਨ,ਕਿਸਾਨ,ਬੱਚੇ ਤੇ ਮਹਿਲਾਵਾਂ ਵੀ ਸ਼ਾਮਲ ਹਨ, ਉਥੇ ਵੱਡੀ ਗਿਣਤੀ 'ਚ ਦਿਵਿਆਂਗ ਕਿਸਾਨਾਂ ਨੇ ਵੀ ਹਿੱਸੇਦਾਰੀ ਪਾਈ ਹੈ। ਕਿਸਾਨੀ ਸੰਘਰਸ਼ ਲਈ ਆਪਣੇ ਹੌਂਸਲੇ ਬੁਲੰਦ ਰੱਖਦੇ ਹੋਏ ਆਮ ਲੋਕਾਂ ਨਾਲੋਂ ਔਖੀ ਜ਼ਿੰਦਗੀ ਜਿਉਣ ਵਾਲੇ ਦਿਵਿਆਂਗ ਕਿਸਾਨ ਲਗਾਤਾਰ ਕਿਸਾਨ ਅੰਦੋਲਨ 'ਚ ਡੱਟੇ ਹੋਏ ਹਨ।
ਕਿਸਾਨ ਅੰਦੋਲਨ 'ਚ ਸ਼ਮੂਲੀਅਤ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਮੋਹਨ ਸਿੰਘ ਨੇ ਕਿਹਾ ਕਿ ਉਹ ਬੇਸ਼ਕ ਦਿਵਿਆਂਗ ਕੋਟੇ 'ਚ ਨੌਕਰੀ ਕਰਦੇ ਰਹੇ ਹਨ, ਪਰ ਇਸ ਤੋਂ ਪਹਿਲਾਂ ਉਹ ਕਿਸਾਨ ਹਨ। ਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ 3 ਕਿੱਲੇ ਜ਼ਮੀਨ ਹੈ,ਰਿਟਾਇਰ ਹੋਣ ਮਗਰੋਂ ਉਹ ਖੇਤੀ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀ ਮਿੱਟੀ ਤੇ ਆਪਣੇ ਜ਼ਮੀਰ ਨਾਲ ਜੁੜੇ ਹੋਏ ਹਨ, ਜਿਸ ਦੇ ਚਲਦੇ ਉਹ ਇਸ ਕਿਸਾਨੀ ਸੰਘਰਸ਼ ਦਾ ਹਿੱਸਾ ਬਣ ਗਏ ਹਨ। ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਰਕਾਰ ਕਿਸਾਨਾਂ ਤੋਂ ਸਭ ਕੁੱਝ ਖੋਹਣ ਦੀ ਕੋਸ਼ਿਸ਼ ਕਰ ਰਹੀ। ਮੌਜੂਦਾ ਸਮੇਂ 'ਚ ਪਹਿਲਾਂ ਹੀ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਕਿਸਾਨਾਂ ਲਈ ਇਹ ਖੇਤੀ ਕਾਨੂੰਨ ਫਾਹੇ ਵਰਗੇ ਹਨ। ਉਨ੍ਹਾਂ ਖੇਤੀ ਕਾਨੂੰਨ ਰੱਦ ਹੋਣ ਤੱਕ ਕਿਸਾਨੀ ਸੰਘਰਸ਼ 'ਚ ਡੱਟੇ ਰਹਿਣ ਦੀ ਗੱਲ ਆਖੀ।