ਹੈਦਰਾਬਾਦ : ਦੀਵਾਲੀ (Diwali) ਤੋਂ ਦੋ ਦਿਨ ਪਹਿਲਾਂ ਧਨਤੇਰਸ ਦਾ ਤਿਉਹਾਰ (Dhanteras) ਮਨਾਇਆ ਜਾਂਦਾ ਹੈ। ਇਸ ਦਿਨ ਭਗਵਾਨ ਧਨਵੰਤਰੀ ਦੀ ਵਿਸ਼ੇਸ਼ ਪੂਜਾ (God Dhanwantari) ਕੀਤੀ ਜਾਂਦੀ ਹੈ।
ਧਨਵੰਤਰੀ ਨੂੰ ਆਯੁਰਵੇਦ ਦੇ ਜਨਮਦਾਤਾ ਅਤੇ ਦੇਵਤਿਆਂ ਦਾ ਵੈਦ ਮੰਨਿਆ ਜਾਂਦਾ ਹੈ। ਸ਼ਾਸਤਰਾਂ ਦੇ ਮੁਤਾਬਕ, ਭਗਵਾਨ ਵਿਸ਼ਨੂੰ ਦੇ 24 ਅਵਤਾਰਾਂ ਵਿੱਚੋਂ, 12ਵਾਂ ਅਵਤਾਰ ਭਗਵਾਨ ਧਨਵੰਤਰੀ ਦਾ ਸੀ। ਆਓ ਅੱਜ ਅਸੀਂ ਤੁਹਾਨੂੰ ਭਗਵਾਨ ਧਨਵੰਤਰੀ ਦੇ ਜਨਮ ਬਾਰੇ ਦੱਸਾਂਗੇ ਕਿ ਆਖ਼ਿਰ ਧਨਤੇਰਸ ਦੇ ਦਿਨ ਹੀ ਭਗਵਾਨ ਧਨਵੰਤਰੀ ਦੀ ਪੂਜਾ ਕਿਉਂ ਕੀਤੀ ਜਾਂਦੀ ਹੈ ਤੇ ਇਸ ਦਾ ਕੀ ਮਹੱਤਵ ਹੈ।
ਧਨਤੇਰਸ ਦੇ ਦਿਨ ਕਿਉਂ ਖਰੀਦੀ ਜਾਂਦੀ ਹੈ ਪੀਲੀ ਧਾਤੂ
ਕਿਹਾ ਜਾਂਦਾ ਹੈ ਕਿ ਭਗਵਾਨ ਧਨਵੰਤਰੀ ਦਾ ਜਨਮ ਧਨਤੇਰਸ ਦੇ ਦਿਨ ਹੋਇਆ ਸੀ। ਇਸ ਲਈ ਇਸ ਦਿਨ ਇਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਮਾਨਤਾ ਹੈ ਕਿ ਧਨਵੰਤਰੀ ਦੇ ਜਨਮ ਦੇ ਸਮੇਂ ਉਹ ਅੰਮ੍ਰਿਤ ਨਾਲ ਭਰਿਆ ਹੋਇਆ ਕਲਸ਼ ਲੈ ਕੇ ਪੈਦਾ ਹੋਏ ਸੀ। ਇਸ ਲਈ ਧਨਤੇਰਸ ਦੇ ਦਿਨ ਪੀਲੀ ਧਾਤੂ ਜਾਂ ਪੀਲੇ ਭਾਂਡੇ ਆਦਿ ਖਰੀਦਣ ਦੀ ਪਰੰਪਰਾ ਹੈ।
ਕਿੰਝ ਹੋਇਆ ਭਗਵਾਨ ਧਨਵੰਤਰੀ ਦਾ ਜਨਮ
ਸ਼ਾਸਤਰਾਂ ਦੇ ਮੁਤਾਬਕ, ਭਗਵਾਨ ਧਨਵੰਤਰੀ ਦੀ ਉਤਪਤੀ ਸਮੁੰਦਰ ਦੇ ਮੰਥਨ ਤੋਂ ਹੋਈ ਸੀ। ਉਹ ਅੰਮ੍ਰਿਤ ਦਾ ਕਲਸ਼ ਲੈ ਕੇ ਸਮੁੰਦਰ ਵਿੱਚੋਂ ਬਾਹਰ ਆਏ, ਜਿਸ ਨੂੰ ਲੈ ਕੇ ਦੇਵਤਿਆਂ ਅਤੇ ਰਾਕਸ਼ਸਾਂ ਵਿੱਚ ਲੜਾਈ ਹੋਈ। ਹਾਲਾਂਕਿ, ਇੱਕ ਕਹਾਵਤ ਇਹ ਵੀ ਹੈ ਕਿ ਕਾਸ਼ੀ ਦੇ ਰਾਜਵੰਸ਼ ਵਿੱਚ, ਧਨਵਾ ਨਾਮ ਦੇ ਇੱਕ ਰਾਜੇ ਨੇ ਅਜ ਦੇਵ ਨੂੰ ਉਸ ਦੀ ਪੂਜਾ ਕਰਕੇ ਖੁਸ਼ ਕੀਤਾ ਸੀ। ਉਸ ਨੂੰ ਵਰਦਾਨ ਵਜੋਂ ਧਨਵੰਤਰੀ ਨਾਂ ਦਾ ਪੁੱਤਰ ਮਿਲਿਆ। ਜਿਸ ਦਾ ਜ਼ਿਕਰ ਬ੍ਰਹਮਾ ਪੁਰਾਣ ਅਤੇ ਵਿਸ਼ਨੂੰ ਪੁਰਾਣ ਵਿੱਚ ਮਿਲਦਾ ਹੈ। ਇਸ ਦੇ ਨਾਲ ਹੀ ਇਹ ਵੀ ਮੰਨਿਆ ਜਾਂਦਾ ਹੈ ਕਿ ਸਮੁੰਦਰ ਮੰਥਨ ਤੋਂ ਪੈਦਾ ਹੋਏ ਧਨਵੰਤਰੀ ਦਾ ਦੂਜਾ ਜਨਮ ਸੀ।
ਕਿੰਝ ਹੋਇਆ ਭਗਵਾਨ ਧਨਵੰਤਰੀ ਦਾ ਤੀਜਾ ਜਨਮ
ਇੱਕ ਪਾਸੇ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਗਾਲਵ ਰਿਸ਼ੀ ਪਿਆਸ ਕਾਰਨ ਜੰਗਲ ਵਿੱਚ ਭਟਕ ਰਹੇ ਸਨ। ਇਸ ਲਈ ਵੀਰਭੱਦਰ ਨਾਂ ਦੀ ਲੜਕੀ, ਜੋ ਕਿ ਘੜੇ ਵਿੱਚ ਪਾਣੀ ਲੈ ਕੇ ਜਾ ਰਹੀ ਸੀ, ਉਸ ਨੇ ਉਨ੍ਹਾਂ ਨੂੰ ਪਾਣੀ ਪਿਆ ਕੇ ਪਿਆਸ ਬੁਝਾਈ। ਇਸ ਤੋਂ ਖੁਸ਼ ਹੋ ਕੇ ਗਾਲਵ ਰਿਸ਼ੀ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਕਿ ਤੁਸੀਂ ਇੱਕ ਯੋਗ ਪੁੱਤਰ ਦੀ ਮਾਂ ਬਣੋਗੇ, ਪਰ ਜਦੋਂ ਵੀਰਭੱਦਰ ਨੇ ਕਿਹਾ ਕਿ ਉਹ ਵੇਸਵਾ ਹੈ ਤਾਂ ਰਿਸ਼ੀ ਉਸ ਨੂੰ ਆਸ਼ਰਮ 'ਚ ਲੈ ਗਏ ਅਤੇ ਕੁਸ਼ ਦੇ ਫੁੱਲ ਆਦਿ ਬਣਾ ਕੇ ਉਸ ਦੀ ਗੋਦ 'ਚ ਰੱਖ ਕੇ ਵੇਦ ਮੰਤਰਾਂ ਨਾਲ ਪ੍ਰਤੀਸ਼ਠਿਤ ਕੀਤਾ ਅਤੇ ਉਥੇ ਧਨਵੰਤਰੀ ਦੀ ਸਥਾਪਨਾ ਕੀਤੀ।
ਧਨਵੰਤਰੀ, ਆਯੁਰਵੇਦ ਦਾ ਪਿਤਾ
ਭਗਵਾਨ ਧਨਵੰਤਰੀ ਵੈਦਿਆ ਨੂੰ ਆਯੁਰਵੇਦ ਦਾ ਪਿਤਾ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਉਨ੍ਹਾਂ ਸੰਸਾਰ ਦੀ ਬਨਸਪਤੀਆਂ ਦਾ ਅਧਿਐਨ ਕੀਤਾ ਅਤੇ ਇਸ ਦੇ ਚੰਗੇ ਅਤੇ ਮਾੜੇ ਗੁਣ ਪ੍ਰਗਟ ਕੀਤੇ। ਧਨਵੰਤਰੀ ਦੇ ਹਜ਼ਾਰਾਂ ਗ੍ਰੰਥਾਂ ਵਿੱਚੋਂ ਹੁਣ ਮਹਿਜ਼ ਧਨਵੰਤਰੀ ਸੰਹਿਤਾ ਮਿਲਦੀ ਹੈ, ਜੋ ਆਯੁਰਵੇਦ ਦਾ ਮੂਲ ਪਾਠ ਹੈ। ਆਯੁਰਵੇਦ ਦੇ ਆਦਿ ਆਚਾਰੀਆ ਸੁਸ਼ਰੁਤ ਮੁਨੀ ਨੇ ਧਨਵੰਤਰੀ ਜੀ ਤੋਂ ਇਸ ਗ੍ਰੰਥ ਦੀ ਸਿੱਖਿਆ ਪ੍ਰਾਪਤ ਕੀਤੀ ਸੀ। ਬਾਅਦ ਵਿੱਚ ਚਰਕ ਆਦਿ ਨੇ ਇਸ ਪਰੰਪਰਾ ਨੂੰ ਅੱਗੇ ਤੋਰਿਆ।
ਇਹ ਵੀ ਪੜ੍ਹੋ : 7 ਰਾਸ਼ੀਆਂ ਨੂੰ ਮਿਲਣਗੀਆਂ ਖੁਸ਼ੀਆਂ, ਮਨਚਾਹੇ ਕੰਮ ਹੋਣਗੇ ਪੂਰੇ, ਜਾਨਣ ਲਈ ਪੜ੍ਹੋ ਹਫ਼ਤਾਵਰੀ ਰਾਸ਼ੀਫਲ