ਨਵੀਂ ਦਿੱਲੀ : ਦਿੱਲੀ ਮੈਟਰੋ ਦੇ ਇਕ ਸੁਪਰਵਾਈਜ਼ਰ ਨੇ ਆਪਣੀ ਪਤਨੀ ਅਤੇ ਦੋ ਬੱਚਿਆਂ 'ਤੇ ਚਾਕੂ ਨਾਲ ਹਮਲਾ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਿਕ ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੂੰ ਸ਼ਾਹਦਰਾ ਥਾਣਾ ਖੇਤਰ ਦੀ ਜੋਤੀ ਕਾਲੋਨੀ 'ਚ ਇਕ ਘਰ 'ਚੋਂ ਸੁਪਰਵਾਈਜ਼ਰ, ਉਸ ਦੀ ਪਤਨੀ ਅਤੇ 6 ਸਾਲ ਦੀ ਬੇਟੀ ਦੀਆਂ ਮ੍ਰਿਤਕ ਦੇਹਾਂ ਮਿਲੀਆਂ ਹਨ। ਇਸ ਤੋਂ ਇਲਾਵਾ 13 ਸਾਲ ਦਾ ਲੜਕਾ ਖੂਨ ਨਾਲ ਲਿਬੜਿਆ ਮਿਲਿਆ ਹੈ। ਲੜਕੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਡਿਊਟੀ 'ਤੇ ਨਹੀਂ ਆਇਆ ਤਾਂ ਕੀਤਾ ਫੋਨ : ਸ਼ਾਹਦਰਾ ਦੇ ਡੀਸੀਪੀ ਰੋਹਿਤ ਮੀਨਾ ਨੇ ਦੱਸਿਆ ਕਿ ਦੁਪਹਿਰ 12 ਵਜੇ ਮੈਟਰੋ ਦੇ ਮੁਲਾਜ਼ਮ ਸੁਸ਼ੀਲ ਕੁਮਾਰ ਨੇ ਫੋਨ ਕਰਕੇ ਦੱਸਿਆ ਕਿ ਉਸ ਦੇ ਨਾਲ ਕੰਮ ਕਰਨ ਵਾਲਾ ਸੁਸ਼ੀਲ ਅੱਜ ਡਿਊਟੀ ’ਤੇ ਨਹੀਂ ਆਇਆ। ਜਦੋਂ ਅਸੀਂ ਉਸ ਨੂੰ ਡਿਊਟੀ 'ਤੇ ਨਾ ਆਉਣ ਦਾ ਕਾਰਨ ਜਾਣਨ ਲਈ ਫੋਨ ਕੀਤਾ ਤਾਂ ਸੁਸ਼ੀਲ ਰੋਂਦੇ ਹੋਏ ਕਹਿ ਰਿਹਾ ਸੀ ਕਿ ਮੈਂ ਘਰ ਦੇ ਸਾਰਿਆਂ ਨੂੰ ਮਾਰ ਦਿੱਤਾ ਹੈ। ਇਸ ਦੀ ਸੂਚਨਾ ਮਿਲਦੇ ਹੀ ਸ਼ਾਹਦਰਾ ਜ਼ਿਲਾ ਪੁਲਸ ਟੀਮ ਤੁਰੰਤ ਮੌਕੇ 'ਤੇ ਪਹੁੰਚ ਗਈ। ਜਦੋਂ ਪੁਲਿਸ ਟੀਮ ਅੰਦਰ ਪਹੁੰਚੀ ਤਾਂ ਸੁਸ਼ੀਲ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਜਦੋਂਕਿ ਉਸ ਦੀ 43 ਸਾਲਾ ਪਤਨੀ ਅਨੁਰਾਧਾ ਅਤੇ ਉਸ ਦੀ 6 ਸਾਲਾ ਬੇਟੀ ਦੀਆਂ ਲਾਸ਼ਾਂ ਖੂਨ ਨਾਲ ਲਿਬੜੀਆਂ ਪਈਆਂ ਸਨ। ਇਸ ਦੇ ਨਾਲ ਹੀ ਉਸ ਦਾ 13 ਸਾਲ ਦਾ ਬੇਟਾ ਵੀ ਗੰਭੀਰ ਰੂਪ ਵਿੱਚ ਜ਼ਖਮੀ ਸੀ। ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਉਹ ਹਾਲੇ ਜਿਊਂਦਾ ਹੈ।
ਲੜਕੇ ਦੀ ਹਾਲਤ ਗੰਭੀਰ : ਡੀਸੀਪੀ ਨੇ ਦੱਸਿਆ ਕਿ ਕ੍ਰਾਈਮ ਟੀਮ ਅਤੇ ਐਫਐਸਐਲ ਟੀਮ ਨੇ ਕ੍ਰਾਈਮ ਸੀਨ ਦੀ ਜਾਂਚ ਕੀਤੀ ਹੈ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਉਸਨੇ ਆਪਣੇ ਪਰਿਵਾਰਕ ਮੈਂਬਰਾਂ 'ਤੇ ਕਾਤਲਾਨਾ ਹਮਲੇ ਤੋਂ ਬਾਅਦ ਖੁਦਕੁਸ਼ੀ ਕੀਤੀ ਹੈ। ਇਸ ਹਮਲੇ 'ਚ ਸੁਸ਼ੀਲ ਦੀ ਪਤਨੀ ਅਤੇ ਬੇਟੀ ਦੀ ਮੌਤ ਹੋ ਗਈ ਸੀ, ਜਦੋਂਕਿ ਉਨ੍ਹਾਂ ਦੇ ਬੇਟੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸੁਸ਼ੀਲ ਦਿੱਲੀ ਮੈਟਰੋ ਦੇ ਮੇਨਟੇਨੈਂਸ ਵਿਭਾਗ ਵਿੱਚ ਸੁਪਰਵਾਈਜ਼ਰ ਸੀ ਅਤੇ ਈਸਟ ਵਿਨੋਦ ਨਗਰ ਮੈਟਰੋ ਡਿਪੂ ਵਿੱਚ ਕੰਮ ਕਰਦਾ ਸੀ। ਫਿਲਹਾਲ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਸੁਸ਼ੀਲ ਨੇ ਅਜਿਹਾ ਕਦਮ ਕਿਉਂ ਚੁੱਕਿਆ।