ਵੈਸ਼ਾਲੀ: ਬਿਹਾਰ ਦੇ ਵੈਸ਼ਾਲੀ ਵਿੱਚ ਇੱਕ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਇਸ ਵਿਅਕਤੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸਦੀ ਮੌਤ ਸ਼ਰਾਬ ਪੀਣ ਕਰਕੇ ਹੋਈ ਹੈ। ਹਾਲਾਂਕਿ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਮਗਰੋਂ ਹੀ ਕੁੱਝ ਕਿਹਾ ਜਾ ਸਕਦਾ ਹੈ। ਇਸ ਘਟਨਾ ਤੋਂ ਬਾਅਦ ਕਈ ਤਰ੍ਹਾਂ ਦੀ ਚਰਚਾ ਹੋ ਰਹੀ ਹੈ।
ਸਿਹਤ ਕੇਂਦਰ ਲਿਜਾਂਦੇ ਵੇਲੇ ਰਾਹ ਵਿੱਚ ਹੋਈ ਮੌਤ:- ਇਹ ਮਾਮਲਾ ਮਹਿਨਾਰ ਥਾਣਾ ਖੇਤਰ ਦੇ ਟਾਟਾ ਚੋਰੀ ਪਿੰਡ ਦਾ ਹੈ, ਜਿੱਥੇ ਇੱਕ ਸ਼ੱਕੀ ਪਦਾਰਥ ਨਿਗਲਣ ਨਾਲ ਇੱਕ ਵਿਅਕਤੀ ਦੀ ਹਾਲਤ ਵਿਗੜ ਗਈ ਅਤੇ ਉਸਨੂੰ ਮਹਾਨਾਰ ਕਮਿਊਨਿਟੀ ਹੈਲਥ ਸੈਂਟਰ 'ਚ ਭਰਤੀ ਕਰਵਾਇਆ ਗਿਆ। ਇੱਥੋਂ ਮੁੱਢਲੀ ਸਹਾਇਤਾ ਦੇਣ ਮਗਰੋਂ ਉਸਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਪਟਨਾ ਪੀ.ਐੱਮ.ਸੀ.ਐੱਚ. ਰੈਫਰ ਕੀਤਾ ਗਿਆ ਪਰ ਰਾਹ ਵਿੱਚ ਹੀ ਉਸਦੀ ਜਾਨ ਚਲੀ ਗਈ।
ਵੋਟਾਂ ਵੇਲੇ ਪੀਤੀ ਸੀ ਸ਼ਰਾਬ ! ਜਾਣਕਾਰੀ ਮੁਤਾਬਿਕ ਮ੍ਰਿਤਕ ਦੀ ਪਛਾਣ 40 ਸਾਲ ਦੇ ਉਮੇਸ਼ ਰਾਏ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਮੇਸ਼ ਰਾਏ ਨੇ ਇੱਕ ਦਿਨ ਪਹਿਲਾਂ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਵੇਲੇ ਸ਼ਰਾਬ ਪੀਤੀ ਸੀ, ਜਿਸ ਤੋਂ ਬਾਅਦ ਉਲਟੀਆਂ ਲੱਗਣ ਕਾਰਨ ਉਸਦੀ ਹਾਲਤ ਵਿਗੜ ਗਈ।
ਦੂਜੇ ਪਾਸੇ ਮ੍ਰਿਤਕ ਦੇ ਪਿਤਾ ਮਦਨ ਰਾਏ ਨੇ ਕਿਹਾ ਕਿ ਕੱਲ੍ਹ ਚੋਣਾਂ ਦੇ ਦਿਨ ਉਸਦੇ ਲੜਕੇ ਨੇ ਭੰਗ ਪੀਤੀ ਸੀ ਅਤੇ ਅੱਜ ਉਸਨੂੰ ਹਸਪਤਾਲ ਲਿਜਾਇਆ ਗਿਆ ਪਰ ਰਾਹ ਵਿੱਚ ਹੀ ਉਸਦੀ ਮੌਤ ਹੋ ਗਈ। ਇਸੇ ਤਰ੍ਹਾਂ ਉਸਦੀ ਪਤਨੀ ਰੂਬੀ ਦੇਵੀ ਨੇ ਕਿਹਾ ਕਿ ਉਸ ਨੇ ਸਵੇਰੇ ਸ਼ਰਾਬ ਪੀਤੀ ਸੀ, ਜਦੋਂ ਉਸ ਨੂੰ ਉਲਟੀ ਆਈ ਤਾਂ ਹਾਲਤ ਖਰਾਬ ਹੋਣ ਕਰਕੇ ਉਸਨੂੰ ਸਿਹਤ ਕੇਂਦਰ ਲਿਜਾਇਆ ਗਿਆ ਪਰ ਰਾਹ ਵਿੱਚ ਹੀ ਉਸਨੇ ਦਮ ਤੋੜ ਦਿੱਤਾ।
ਪ੍ਰਸ਼ਾਸਨ ਦੇ ਫੁੱਲੇ ਹੱਥ ਪੈਰ :- ਵਿਅਕਤੀ ਦੀ ਮੌਤ ਦੀ ਖਬਰ ਆਉਂਦਿਆਂ ਹੀ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ। ਬਿਹਾਰ 'ਚ ਜਿੱਥੇ ਸ਼ਰਾਬ 'ਤੇ ਪਾਬੰਦੀ ਹੈ, ਉਥੇ ਜੇਕਰ ਕੋਈ ਗਲਤ ਤਰੀਕੇ ਨਾਲ ਬਣੀ ਸ਼ਰਾਬ ਪੀਣ ਨਾਲ ਮਰਦਾ ਹੈ ਤਾਂ ਹੰਗਾਮਾ ਹੋਣਾ ਜਾਹਿਰ ਜਿਹੀ ਗੱਲ ਹੈ। ਮਹਿਨਾਰ ਦੇ ਐੱਸਡੀਪੀਓ ਪ੍ਰਤਿਊਸ਼ ਕੁਮਾਰ ਨਾਲ ਵੀ ਇਸ ਬਾਰੇ ਫ਼ੋਨ 'ਤੇ ਗੱਲ ਹੋਈ ਹੈ। ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਡਾਕਟਰ ਨਾਲ ਗੱਲ ਕੀਤੀ ਗਈ, ਜਿੱਥੇ ਉਸ ਦਾ ਇਲਾਜ ਕੀਤਾ ਗਿਆ ਹੈ। ਡਾਕਟਰ ਨੇ ਦੱਸਿਆ ਕਿ ਰਿਸ਼ਤੇਦਾਰ ਸ਼ਰਾਬ ਪੀਣ ਦੀ ਗੱਲ ਕਰ ਰਹੇ ਹਨ, ਇਸ ਲਈ ਰਿਸ਼ਤੇਦਾਰਾਂ ਨੂੰ ਪੋਸਟਮਾਰਟਮ ਕਰਵਾਉਣ ਲਈ ਕਿਹਾ ਗਿਆ ਹੈ। ਮੌਤ ਦੀ ਸਹੀ ਵਜ੍ਹਾ ਪੋਸਟਮਾਰਟਮ ਮਗਰੋਂ ਹੀ ਸਪਸ਼ਟ ਹੋਵੇਗੀ।