ਹਰਿਦੁਆਰ: ਜ਼ਿਲ੍ਹਾ ਮੈਜਿਸਟਰੇਟ ਸੀ.ਰਵੀ ਸ਼ੰਕਰ ਨੇ ਕੁੰਭ ਕੋਰੋਨਾ ਜਾਂਚ ਧੋਖਾਧੜੀ ਮਾਮਲੇ ਵਿੱਚ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਮਾਮਲੇ ਵਿੱਚ, ਦਿੱਲੀ ਦੀ ਮੈਕਸ ਕਾਰਪੋਰੇਟ ਸਰਵਿਸ ਲੈਬ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ। ਇਹ ਕਾਰਵਾਈ ਪੰਜਾਬ ਵਿੱਚ ਰਹਿੰਦੇ ਇੱਕ ਵਿਅਕਤੀ ਵੱਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ।
ਹਰਿਦੁਆਰ ਮਹਾਕੁੰਭ ਵਿੱਚ ਕੋਰੋਨਾ ਜਾਂਚ ਦੇ ਨਾਮ ‘ਤੇ ਧੋਖਾਧੜੀ ਦੇ ਕੇਸ ਦੀ ਜਾਂਚ ਲਈ 10 ਲੈਬਾਂ ਨੂੰ ਅਧਿਕਾਰ ਦਿੱਤਾ ਗਿਆ ਸੀ। ਇਹਨਾਂ ਵਿੱਚੋਂ ਡਾ. ਲਾਲ ਚੰਦਨੀ ਲੈਬ ਅਤੇ ਨਲਵਾ ਲੈਬਾਰਟਰੀਜ਼ ‘ਤੇ ਬਹੁਤ ਜ਼ਿਆਦਾ ਧੋਖਾਧੜੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਦੇਹਰਾਦੂਨ ਵਿੱਚ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਹਰਿਦੁਆਰ ਜ਼ਿਲ੍ਹਾ ਅਧਿਕਾਰੀ ਨੂੰ ਜਾਂਚ ਲਈ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਜ਼ਿਲ੍ਹਾ ਮੈਜਿਸਟਰੇਟ ਸੀ.ਰਵੀ ਸ਼ੰਕਰ ਨੇ ਤਿੰਨ ਮੈਂਬਰਾਂ ਦੀ ਕਮੇਟੀ ਬਣਾਈ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਅੱਜ ਇਸ ਮਾਮਲੇ ਵਿੱਚ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਹਰਿਦੁਆਰ ਕੁੰਭ ਵਿੱਚ ਟੈਸਟ ਘੁਟਾਲੇ ਦਾ ਪਰਦਾਫਾਸ਼ ਪੰਜਾਬ ਵਿੱਚ ਰਹਿੰਦੇ ਐਲ.ਆਈ.ਸੀ. ਏਜੰਟ ਰਾਹੀਂ ਹੋਇਆ ਹੈ। ਫਰੀਦਕੋਟ ਦੇ ਵਸਨੀਕ ਵਿਪਨ ਮਿੱਤਲ ਨੇ ਹਰਿਦੁਆਰ ਕੁੰਭ ਵਿੱਚ ਕੋਵਿਡ ਜਾਂਚ ਘੁਟਾਲੇ ਦਾ ਪਰਦਾਫਾਸ਼ ਕੀਤਾ। ਵਿਪਿਨ ਮਿੱਤਲ ਦੇ ਅਨੁਸਾਰ, ਉਸ ਨੂੰ ਉੱਤਰਾਖੰਡ ਦੀ ਇੱਕ ਲੈਬ ਤੋਂ ਫੋਨ ਆਇਆ। ਜਿਸ ਵਿੱਚ ਉਸ ਨੂੰ ਦੱਸਿਆ ਗਿਆ ਸੀ, ਕਿ ਆਪ ਦੀ ਰਿਪੋਰਟ ਨਿਗੇਟਿਵ ਆਈ ਹੈ। ਇਹ ਸੁਣਦਿਆਂ ਹੀ ਉਹ ਹੈਰਾਨ ਰਹਿ ਗਏ।
ਵਿਪਿਨ ਨੇ ਕੋਈ ਕੋਰੋਨਾ ਟੈਸਟ ਨਹੀਂ ਕਰਵਾਇਆ। ਅਜਿਹੀ ਸਥਿਤੀ ਵਿੱਚ ਵਿਪਿਨ ਨੇ ਤੁਰੰਤ ਸਥਾਨਕ ਅਧਿਕਾਰੀਆਂ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ। ਸਥਾਨਕ ਅਧਿਕਾਰੀਆਂ ਦੇ ਵਤੀਰੇ ਨੂੰ ਵੇਖਦਿਆਂ ਪੀੜਤ ਨੇ ਤੁਰੰਤ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ) (ICMR) ਨੂੰ ਸ਼ਿਕਾਇਤ ਕੀਤੀ।
ਘਟਨਾ ਨੂੰ ਗੰਭੀਰਤਾਂ ਨਾਲ ਲੈਂਦਿਆਂ ਆਈ.ਸੀ.ਐੱਮ.ਆਰ ਨੇ ਉਤਰਾਖੰਡ ਸਿਹਤ ਵਿਭਾਗ ਤੋਂ ਜਵਾਬ ਮੰਗਿਆ। ਸਾਰਾ ਮਾਮਲਾ ਉਥੇ ਹੀ ਖ਼ਤਮ ਨਹੀਂ ਹੋਇਆ। ਇਸ ਤੋਂ ਬਾਅਦ ਉਤਰਾਖੰਡ ਸਰਕਾਰ ਦੁਆਰਾ ਇਹ ਸ਼ਿਕਾਇਤ ਸਿਹਤ ਸਕੱਤਰ ਅਮਿਤ ਨੇਗੀ ਕੋਲ ਪਹੁੰਚੀ, ਜਦੋਂ ਉਸ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ, ਤਾਂ ਬਹੁਤ ਹੈਰਾਨ ਕਰਨ ਵਾਲੇ ਖੁਲਾਸੇ ਹੋਏ।
ਜਦੋਂ ਸਿਹਤ ਵਿਭਾਗ ਨੇ ਪੰਜਾਬ ਫੋਨ ਕਰਨ ਵਾਲੇ ਵਿਅਕਤੀ ਨਾਲ ਜੁੜੀ ਲੈਬ ਦੀ ਜਾਂਚ ਕੀਤੀ, ਤਾਂ ਹੌਲੀ-ਹੌਲੀ ਸਾਰਾ ਝੂਠ ਸਾਹਮਣੇ ਆ ਗਿਆ, ਹੁਣ ਤੱਕ ਜਾਂਚ ਵਿੱਚ ਇੱਕ ਲੱਖ ਕੋਰੋਨਾ ਰਿਪੋਰਟ ਫਰਜ਼ੀ ਪਾਈਆ ਗਈਆਂ ਹਨ।
ਇਹ ਵੀ ਪੜ੍ਹੋ:ਕੋਰੋਨਾ ਦੀ ਦੂਜੀ ਲਹਿਰ ਵਿੱਚ ਨੌਜਵਾਨ ਅਤੇ ਪੁਰਾਣੇ ਕਰਮਚਾਰੀਆਂ ਨੇ ਗਵਾਈ ਨੌਕਰੀ : ਸਰਵੇ