ਚੰਡੀਗੜ੍ਹ: ਦੇਸ਼ 'ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਜੇਕਰ ਗੱਲ ਪਿਛਲੇ 24 ਘੰਟਿਆਂ ਦੀ ਕੀਤੀ ਜਾਵੇ ਤਾਂ ਕੋਰੋਨਾ ਦੇ 3,52,991 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਕੁੱਲ ਕੋਰੋਨਾ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ 1,73,13,163 ਹੋ ਚੁੱਕੀ ਹੈ। ਇਸ ਦੇ ਨਾਲ ਹੀ 2812 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ, ਜਿਸ ਤੋਂ ਬਾਅਦ ਕੋਰੋਨਾ ਨਾਲ ਮਰਨ ਵਾਲਿਆਂ ਦਾ ਕੁੱਲ ਅੰਕੜਾ 1,95,123 ਹੋ ਚੁੱਕਿਆ ਹੈ।
ਦੇਸ਼ 'ਚ ਮੌਜੂਦਾ ਸਮੇਂ ਪੌਜ਼ੀਟਿਵ ਮਾਮਲੇ 28,13,658 ਹਨ ਅਤੇ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ 1,43,04,382 ਹੋ ਚੁੱਕੀ ਹੈ। ਇਸ ਦੇ ਨਾਲ ਹੀ ਦੇਸ਼ 'ਚ ਕੋਰੋਨਾ ਵੈਕਸੀਨੇਸ਼ਨ ਲਗਵਾਉਣ ਵਾਲਿਆਂ ਦੀ ਗਿਣਤੀ 14,19,11,223 ਹੋ ਚੁੱਕੀ ਹੈ।
ਉਧਰ ਜੇਕਰ ਗੱਲ ਦਿੱਲੀ ਦੀ ਕੀਤੀ ਜਾਵੇ ਤਾਂ ਪਿਛਲੇ 24 ਘੰਟਿਆਂ 'ਚ ਕੋਰੋਨਾ ਨਾਲ 350 ਲੋਕਾਂ ਦੀ ਮੋਤ ਹੋ ਚੁੱਕੀ ਹੈ। ਜਦਕਿ 22 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ ਹੀ ਪੌਜ਼ੀਟਿਵ ਮਾਮਲਿਆਂ ਦੀ ਦਰ 94 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਇਸ ਦੇ ਨਾਲ ਹੀ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ 'ਚ ਆਕਸੀਜਨ ਦੀ ਕਮੀ ਆਈ ਹੈ। ਇਸ ਨੂੰ ਲੈਕੇ ਪ੍ਰਬੰਧਕਾਂ ਦਾ ਕਹਿਣਾ ਕਿ ਹਸਪਤਾਲ ਭੀਖ ਮੰਗਣ ਅਤੇ ਉਧਾਰ ਲੈਣ ਦੀ ਸਥਿਤੀ 'ਚ ਹੈ। ਇਹ ਬਹੁਤ ਸੰਕਟ ਦੀ ਸਥਿਤੀ ਹੈ। ਹਸਪਤਾਲ ਨੇ ਦੋ ਸਿਲੰਡਰਾਂ ਦੀ ਵਿਵਸਥਾ ਕੀਤੀ ਹੈ, ਜੋ ਜਲਦ ਖ਼ਤਮ ਹੋ ਜਾਣਗੇ।
ਡਾਕਟਰ ਪਤੀ ਪਤਨੀ ਕਰ ਰਹੇ ਸੇਵਾ
ਗੁਜਰਾਤ ਦੇ ਸੂਰਤ 'ਚ ਡਾਕਟਰ ਪਤੀ ਪਤਨੀ 10 ਆਈਸੋਲੇਸ਼ਨ ਵਾਰਡਾਂ 'ਚ ਮੁਫ਼ਤ ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ।ਡਾ. ਹੇਤਲ ਭਿਆਨੀ ਨੇ ਦੱਸਿਆ, ਕੋਰੋਨਾ ਦੇ ਇਸ ਦੌਰ 'ਚ ਲੋਕਾਂ ਦੀ ਮਦਦ ਕਰਨ ਲਈ ਉਹ ਅਜਿਹਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਦੋਵੇਂ ਪਤੀ ਪਤਨੀ ਡਾਕਟਰ ਹਨ ਅਤੇ ਆਪਣਾ ਪੂਰਾ ਸਮਾਂ ਲੋਕਾਂ ਦੀ ਸੇਵਾ 'ਚ ਲਗਾਉਂਦੇ ਹਨ।
ਵਿਦੇਸ਼ਾਂ ਨੇ ਵਧਾਏ ਮਦਦ ਦੇ ਹੱਥ
ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਭਾਰਤ 'ਚ ਤਬਾਹੀ ਮਚਾਈ ਹੈ। ਭਾਰਤ ਦੇ ਵਿਗੜ ਰਹੇ ਹਾਲਾਤਾਂ ਨੂੰ ਵੇਖਦੇ ਹੋਏ ਫਰਾਂਸ, ਕੈਨੇਡਾ ਅਤੇ ਅਮਰੀਕਾ ਸਣੇ ਕਈ ਦੇਸ਼ਾਂ ਨੇ ਸਹਾਇਤਾ ਦਾ ਹੱਥ ਵਧਾ ਦਿੱਤਾ ਹੈ। ਕੈਨੇਡੀਅਨ ਵਿਦੇਸ਼ ਮੰਤਰੀ ਨੇ ਕਿਹਾ, "ਸਾਡੀ ਸੋਚ ਭਾਰਤ ਦੇ ਲੋਕਾਂ ਨਾਲ ਹੈ ਕਿਉਂਕਿ ਉਹ ਮਹਾਂਮਾਰੀ ਦੀ ਵਿਨਾਸ਼ਕਾਰੀ ਨਵੀਂ ਲਹਿਰ ਦਾ ਸਾਹਮਣਾ ਕਰ ਰਹੇ ਹਨ।" ਕਨੇਡਾ ਭਾਰਤ ਦੀ ਮਦਦ ਲਈ ਤਿਆਰ ਹੈ। ਕੈਨੇਡਾ ਨੇ ਇਹ ਪਤਾ ਲਗਾਉਣ ਲਈ ਭਾਰਤੀ ਅਧਿਕਾਰੀਆਂ ਤੱਕ ਪਹੁੰਚ ਕੀਤੀ ਹੈ ਕਿ ਅਸੀਂ ਇਸ ਸਮੇਂ ਦੀ ਲੋੜ 'ਚ ਭਾਰਤ ਦੀ ਕਿਵੇਂ ਮਦਦ ਕਰ ਸਕਦੇ ਹਾਂ।
ਇਹ ਵੀ ਪੜ੍ਹੋ:ਲਾਲ ਕਿਲ੍ਹੇ ਨਾਲ ਜੁੜੇ ਮਾਮਲੇ 'ਚ ਵੀ ਦੀਪ ਸਿੱਧੂ ਨੂੰ ਮਿਲੀ ਜ਼ਮਾਨਤ