ਨਵੀਂ ਦਿੱਲੀ : ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ ਨੂੰ ਖ਼ਤਮ ਕਰਨ ਲਈ ਕਾਂਗਰਸ ਹਾਈਕਮਾਨ ਵੱਲੋਂ ਬਣਾਏ ਗਏ ਤਿੰਨ ਮੈਂਬਰੀ ਪੈਨਲ ਵੱਲੋਂ ਵਿਧਾਇਕਾਂ , ਮੰਤਰੀਆਂ ਤੇ ਸੰਸਦ ਮੈਂਬਰਾਂ ਨਾਲ ਉਨ੍ਹਾਂ ਦੇ ਦਿਲ ਦੀ ਜਾਣਨ ਅਤੇ ਉਨ੍ਹਾਂ ਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਹ ਤਾਂ ਸਮਾਂ ਹੀ ਦੱਸੇਗਾ ਕਿ ਆਖ਼ਰ ਪੱਲੜਾ ਕਿਸ ਦੇ ਹੱਕ 'ਚ ਲਿਫਦਾ ਹੈ ਤੇ ਪਾਸਕ ਕਿਸ ਦੇ ਪੱਲੇ 'ਚ ਰਹਿੰਦਾ ਹੈ।
ਮੁੱਦਿਆਂ ਨੂੰ ਹੱਲ ਕਰਨ ਲਈ ਸਰਕਾਰ ਦੀ ਨੀਅਤ ਸਾਫ਼ ਨਹੀਂ : ਦੂਲੋ
ਇਸੇ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸ਼ਮਸ਼ੇਸ ਸਿੰਘ ਦੂਲੋ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਵਾਸੀਆਂ ਦੇ ਭਖਦੇ ਮੁੱਦਿਆਂ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਦੀ ਹੀ ਨੀਅਤ ਸਾਫ਼ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕਲੀਨ ਹੋਣਾ ਚਾਹੀਦਾ ਹੈ। ਬਾਦਲਾਂ ਤੋਂ ਪੰਜਾਬ ਨੂੰ ਛੁਟਕਾਰਾ ਤਾਂ ਮਿਲਿਆ ਸੀ ਕਿ ਉਨ੍ਹਾਂ ਨੂੰ ਮਾਫ਼ੀਆ ਕਹਿੰਦੇ ਸਨ। ਉਹੀ ਹਾਲ ਹੁਣ ਕਾਂਗਰਸ ਵਿੱਚ ਹੈ।
ਪੰਜਾਬ ਅਤੇ ਕਾਂਗਰਸ ਲਈ ਪਿੰਡ ਦੇ ਸਰਪੰਚ ਤੋਂ ਲੈ ਕੇ ਸੂਬਾ ਪ੍ਰਧਾਨ ਤਕ 1600 ਕਾਂਗਰਸੀਆਂ ਨੇ ਕੁਰਬਾਨੀਆਂ ਕੀਤੀਆਂ ਹਨ, ਪਰ ਇਕ ਦੋ ਪਰਿਵਾਰਾਂ ਨੂੰ ਅੱਗੇ ਲਿਆਉਣ ਤੋਂ ਸਿਵਾਏ ਬਾਕੀ ਸਾਰਿਆਂ ਨੂੰ ਖੁੰਜੇ ਲਾ ਦਿੱਤਾ ਹੈ। ਉਨ੍ਹਾਂ ਦੇ ਪਰਿਵਾਰਾਂ ਨੂੰ ਸਰਕਾਰ 'ਚ ਬਣਦਾ ਮਾਣ ਸਤਿਕਾਰ ਦੇਣਾ ਚਾਹੀਦਾ ਹੈ, ਉਨ੍ਹਾਂ ਦੇ ਵਾਰਿਸਾਂ ਨੂੰ ਵੀ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ। ਦੂਲੋ ਦਾ ਸਿੱਧਾ ਨਿਸ਼ਾਨਾ ਬੇਅੰਤ ਪਰਿਵਾਰ ਤੇ ਬਾਜਵਾ ਪਰਿਵਾਰ ਸਨ।
ਪੰਜਾਬ ਦੀ ਤਰਾਸ਼ਦੀ ਲਈ ਸਰਕਾਰ ਦਾ ਮੁਖੀ ਜ਼ਿੰਮੇਵਾਰ
ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਨਕਲੀ ਸ਼ਰਾਬ ਨਾਲ ਸੈਕੜੇ ਬੰਦੇ ਮਰ ਗਏ ਪਰ ਕੋਈ ਕਾਰਵਾਈ ਨਹੀਂ ਹੋਈ। ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਕੀਤਾ ਜਾਣਾ ਚਾਹੀਦਾ ਹੈ। ਕੁਲ ਮਿਲਾ ਕੇ ਸ਼ਮਸ਼ੇਰ ਸਿੰਘ ਦੂਲੋ ਨੇ ਸਰਕਾਰ ਦੀਆਂ ਨਿਕਾਮੀਆਂ ਸਿੱਧੇ ਤੌਰ ਉਤੇ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ।
ਵਿਧਾਇਕਾਂ ਦੇ ਬੱਚਿਆਂ ਨੂੰ ਨੌਕਰੀਆਂ ਦੇਣ ਦਾ ਮੈਂ ਵਿਰੋਧ ਕਰਦਾ ਹਾਂ : ਜ਼ੀਰਾ
ਹਲਕਾ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਬੇਅਦਬੀ ਮਾਮਲਿਆਂ 'ਚ ਕਾਰਵਾਈ ਨਾਲ ਹੋਣ ਲਈ ਮੁੱਖ ਸਮੇਤ ਸਾਰੀ ਸਰਕਾਰ ਜ਼ਿੰਮੇਵਾਰ ਹੈ। ਕਾਰਵਾਈ ਹੋਣੀ ਚਾਹੀਦੀ ਸੀ।
ਬੇਅਦਬੀ ਦੇ ਮਾਮਲਿਆਂ 'ਚ ਕਾਰਵਾਈ ਨਾ ਹੋਣ ਲਈ ਸਰਕਾਰ ਜ਼ਿੰਮੇਵਾਰ : ਜ਼ੀਰਾ
ਜਦੋਂ ਉਨ੍ਹਾਂ ਨੂੰ ਵਿਧਾਇਕ ਰਾਕੇਸ਼ ਪਾਂਡੇ ਅਤੇ ਫ਼ਤਹਿਜੰਗ ਸਿੰਘ ਬਾਜਵਾ ਦੇ ਲੜਕਿਆਂ ਨੂੰ ਸਰਕਾਰੀ ਨੌਕਰੀ ਦੇਣ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਬੇਬਾਕੀ ਨਾਲ ਕਿਹਾ ਕਿ ਮੈਂ ਇਸ ਦਾ ਵਿਰੋਧ ਕਰਦਾ ਹਾਂ। ਆਮ ਪਬਲਿਕ ਨੂੰ ਨੌਕਰੀ ਦੇਣੀ ਚਾਹੀਦੀ ਹੈ ਨਾ ਕਿ ਵਿਧਾਇਕ ਦੇ ਪੁੱਤ ਨੂੰ।
'ਫ਼ਤਹਿਜੰਗ ਬਾਜਵਾ ਆਪਣੇ ਪਿਉ ਦਾ ਕੋਈ ਮੁਲ ਨਹੀਂ ਪਾ ਸਕਦਾ'
ਇਸੇ ਲੜੀ ਦੇ ਚਲਦੇ ਜਿਥੇ ਸੋਮਵਾਰ ਤੇ ਮੰਗਲਵਾਰ ਨੂੰ 25-25 ਵਿਧਾਇਕਾਂ ਤੇ ਮੰਤਰੀਆਂ ਨਾਲ ਪੈਨਲ ਨੇ ਇਕੱਲੇ ਇਕੱਲੇ ਨਾਲ ਮੀਟਿੰਗ ਕੀਤੀ ਉਥੇ ਬੁੱਧਵਾਰ ਨੂੰ ਵੀ ਮੀਟਿੰਗਾਂ ਦਾ ਦੌਰ ਚਲਦਾ ਰਿਹਾ। ਬੁੱਧਵਾਰ ਨੂੰ ਕੈਪਟਨ ਦੇ ਧੁਰ ਵਿਰੋਧੀ ਪ੍ਰਤਾਪ ਸਿੰਘ ਬਾਜਵਾ ਮੈਂਬਰ ਪਾਰਲੀਮੈਂਟ ਦੇ ਭਰਾ ਫ਼ਤਹਿਜੰਗ ਸਿੰਘ ਬਾਜਵਾ ਵੀ ਪੈਨਲ ਨੂੰ ਮਿਲੇ ਤੇ ਉਨ੍ਹਾਂ ਆਪਣੇ ਹਲਕੇ ਤੇ ਪਾਰਟੀ ਲੀਡਰਸ਼ਿਪ ਤੇ ਕਾਰਗੁ਼ਜ਼ਾਰੀ ਬਾਰੇ ਚਰਚਾ ਕੀਤੀ। ਮੀਟਿੰਗ ਤੋਂ ਬਾਅਦ ਬਾਹਰ ਆਉਣ ਤੇ ਉਨ੍ਹਾਂ ਦੀ ਸੁਰ ਵਿਚ ਬਹੁਤੀ ਬੜਕ ਦੇਖਣ ਨੂੰ ਨਹੀਂ ਮਿਲੀ।
ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਕਿ ਬੇਅਦਬੀ ਮਾਮਲੇ ਨੂੰ ਲੈ ਕੇ ਤੁਹਾਡੀ ਕੀ ਫੀਡਬੈਕ ਰਹੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ SIT ਬਣੀ ਹੋਈ ਹੈ ਤੇ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਇਕ ਜਾਂ ਦੋ ਮਹੀਨੇ ਵਿੱਚ ਤੁਹਾਡੇ ਸਾਹਮਣੇ ਸਭ ਕੁਝ ਆ ਜਾਵੇਗਾ। ਜਦੋਂ ਵਿਧਾਇਕ ਫ਼ਤਹਿਜੰਗ ਸਿੰਘ ਨੂੰ ਉਨ੍ਹਾਂ ਦੀ ਲੜਕੇ ਦੀ ਨੌਕਰੀ ਬਾਰੇ ਵਿਰੋਧੀਆਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਬਾਰੇ ਕਿਹਾ ਕਿ ਫ਼ਤਹਿਜੰਗ ਸਿੰਘ ਬਾਜਵਾ ਆਪਣੇ ਪਿਉ ਦਾ ਕੋਈ ਮੁੱਲ ਨਹੀਂ ਪਾ ਸਕਦਾ, ਇਹ ਚੀਜ਼ਾਂ ਵਾਰ ਕੇ ਸੁੱਟ ਦਈਏ ਕੀ ਗੱਲ ਹੈ।
ਸਿੱਧੂ ਮਹਾਮਾਰੀ ਦੌਰਾਨ ਆਪਣਾ ਹਲਕਾ ਦੇਖਣ : ਪ੍ਰਨੀਤ ਕੌਰ
ਤਿੰਨ ਮੈਂਬਰੀ ਪੈਨਲ ਨਾਲ ਮੀਟਿੰਗ ਕਰਨ ਪਹੁੰਚੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਪ੍ਰਨੀਤ ਕੌਰ ਨੇ ਕਿਹਾ ਕਿ ਸਾਨੰ ਸਾਰਿਆਂ ਨੂੰ ਪੰਜਾਬ ਦੀ ਭਲਾਈ ਲਈ ਕੰਮ ਕਰਨ ਦੀ ਲੋੜ ਹੈ।
ਸਿੱਧੂ ਨੂੰ ਕੋਈ ਗਿਲਵਾ ਸ਼ਿਕਵਾ ਹੈ ਤਾਂ ਉਹ ਮੁੱਖ ਮੰਤਰੀ ਨੂੰ ਮਿਲਣ
ਜਦੋਂ ਉਨ੍ਹਾਂ ਨੂੰ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਧਦੇ ਪਾੜੇ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਦੇ ਦੌਰਾਨ ਪੰਜਾਬ ਵਾਸੀਆਂ ਨੂੰ ਰੋਜ਼ੀ ਰੋਟੀ ਦੇ ਸਾਂਸੇ ਪਏ ਹੋਏ ਹਨ। ਨਵਜੋਤ ਸਿੱਧੂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣਾ ਹਲਕਾ ਦੇਖਣ। ਰਹੀ ਗੱਲ ਜੇ ਉਨ੍ਹਾਂ ਨੂੰ ਕੋਈ ਗਿਲਵਾ ਸ਼ਿਕਵਾ ਹੈ ਤਾਂ ਉਹ ਮੁੱਖ ਮੰਤਰੀ ਨੂੰ ਮਿਲਣ ਜਾਂ ਹਾਈਕਮਾਨ ਕੋਲ ਜਾਣ।