ਹੁਸ਼ਿਆਰਪੁਰ: ਨਗਰ ਨਿਗਮ ਹੁਸ਼ਿਆਰਪੁਰ ‘ਚ ਪਹਿਲੀ ਵਾਰ ਕਾਂਗਰਸ ਪਾਰਟੀ ਦਾ ਮੇਅਰ ਬਣਨ ਜਾ ਰਿਹਾ ਹੈ, ਨਗਰ ਨਿਗਮ ਦੇ 50 ਵਾਰਡਾਂ ਚੋਂ ਕਾਂਗਰਸ ਨੇ 41 ਵਾਰਡਾਂ ‘ਚ ਜਿੱਤ ਹਾਸਲ ਕਰਕੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਹਾਲਾਂਕਿ ਹੁਣ ਤੱਕ ਕਿਸੇ ਵੀ ਉਮੀਦਵਾਰ ਦੇ ਮੇਅਰ ਬਣਨ ਲਈ ਨਾਮ ਦਾ ਐਲਾਨ ਨਹੀਂ ਕੀਤਾ ਗਿਆ। ਹੁਣ ਤੱਕ ਇਸ ਗੱਲ ’ਤੇ ਸਹਿਮਤੀ ਨਹੀਂ ਬਣੀ ਕਿ ਇਸ ਵਾਰ ਕਾਂਗਰਸ ਪਾਰਟੀ ਵੱਲੋਂ ਕਿਸ ਉਮੀਦਵਾਰ ਨੂੰ ਮੇਅਰ ਦੀ ਕੁਰਸੀ 'ਤੇ ਬਿਠਾਇਆ ਜਾਵੇਗਾ।
ਜੇਕਰ ਸ਼ਹਿਰ 'ਚ ਕਾਂਗਰਸ ਦੇ ਉਮੀਦਵਾਰ ਦਾ ਨਾਮ ਲਿਆ ਜਾਵੇ ਤਾਂ ਸਭ ਤੋਂ ਪਹਿਲਾ ਨਾਮ ਵਿਜੈ ਅਗਰਵਾਲ ਦਾ ਉੱਭਰ ਕੇ ਸਾਹਮਣੇ ਆ ਰਿਹਾ ਹੈ। ਗੌਰਤਲਵ ਹੈ ਕਿ ਵਿਜੈ ਅਗਰਵਾਲ ਦਾ ਕੋਈ ਵੀ ਸਿਆਸੀ ਕੱਦ ਕਾਠ ਨਹੀਂ ਹੈ ਅਤੇ ਉਨ੍ਹਾਂ ਵੱਲੋਂ ਪਹਿਲੀ ਵਾਰ ਸਥਾਨਕ ਚੋਣਾਂ ‘ਚ ਭਾਗ ਲੈ ਕੇ ਜਿੱਤ ਹਾਸਲ ਕੀਤੀ ਗਈ ਹੈ। ਅਗਰਵਾਲ ਇੱਕ ਕਾਰੋਬਾਰੀ ਅਤੇ ਸਮਾਜ ਸੇਵੀ ਦੇ ਤੌਰ ’ਤੇ ਜਾਣੇ ਜਾਂਦੇ ਹਨ। ਅਜਿਹੇ ‘ਚ ਜੇਕਰ ਦੂਜਾ ਨਾਮ ਕਿਸੇ ਦਾ ਸਾਹਮਣੇ ਆਉਂਦਾ ਹੈ ਤਾਂ ਉਹ ਹੈ ਸੁਰਿੰਦਰ ਕੁਮਾਰ ਛਿੰਦਾ ਜੋ ਕਿ ਕਾਂਗਰਸ ਵੱਲੋਂ ਚਾਰ ਵਾਰ ਕੌਂਸਲਰ ਬਣ ਚੁੱਕੇ ਹਨ ਤੇ ਪਾਰਟੀ ਦੇ ਸਭ ਤੋਂ ਪੁਰਾਣੇ ਵਰਕਰ ਵੀ ਹਨ।
ਇਸੇ ਤਰ੍ਹਾਂ ਜੇਕਰ ਸੀਨੀਅਰ ਡਿਪਟੀ ਮੇਅਰ ਦੇ ਨਾਮ ’ਤੇ ਚਰਚਾ ਕੀਤੀ ਜਾਵੇ ਤਾਂ ਉਸ ਤੇ ਰਣਜੀਤਾ ਚੌਧਰੀ ਦਾ ਨਾਮ ਉੱਭਰ ਕੇ ਸਾਹਮਣੇ ਆ ਰਿਹਾ ਹੈ ਜਿਨ੍ਹਾਂ ਨੇ ਦੋ ਵਾਰ ਭਾਜਪਾ ਤੋਂ ਜਿੱਤ ਹਾਸਲ ਕੀਤੀ ਹੈ ਤੇ ਹੁਣ ਕਾਂਗਰਸ ‘ਚ ਸ਼ਾਮਲ ਹੋ ਕੇ ਪਹਿਲੀ ਵਾਰ ਚੋਣ ਲੜੀ ਹੈ। ਜੇਕਰ ਨਗਰ ਨਿਗਮ ‘ਚ ਡਿਪਟੀ ਮੇਅਰ ਦੇ ਨਾਮ ਦੀ ਗੱਲ ਕਰੀਏ ਤਾਂ ਕਾਂਗਰਸ ਵੱਲੋਂ ਕਿਸੇ ਸਿੱਖ ਚਿਹਰੇ ਤੇ ਵੀ ਮੋਹਰ ਲਗਾਈ ਜਾ ਸਕਦੀ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਵਾਰ ਦੀਆਂ ਸਥਾਨਕ ਚੋਣਾਂ ‘ਚ ਕਾਂਗਰਸ ਵੱਲੋਂ ਜ਼ਿਆਦਾਤਰ ਨਵੇਂ ਚਿਹਰੇ ਚੋਣ ਮੈਦਾਨ ਵਿੱਚ ਉਤਾਰੇ ਗਏ ਸਨ। ਹਾਲਾਂਕਿ ਕਾਂਗਰਸ ਵੱਲੋਂ ਇਨ੍ਹਾਂ ਉੱਚ ਅਹੁਦਿਆਂ ਤੇ ਕਿਹੜੇ-ਕਿਹੜੇ ਉਮੀਦਵਾਰਾਂ ਨੂੰ ਬਿਠਾਇਆ ਜਾਵੇਗਾ ਇਸਦਾ ਫ਼ੈਸਲਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਤੇ ਹੀ ਨਿਰਭਰ ਕਰਦਾ ਹੈ।