ਬੀਜਿੰਗ/ਨਵੀਂ ਦਿੱਲੀ: ਚੀਨ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਪੂਰਬੀ ਲੱਦਾਖ ਦੀ ਪੈਂਗੋਗ ਝੀਲ ਦੇ ਉੱਤਰੀ ਅਤੇ ਦੱਖਣੀ ਸਿਰੇ 'ਤੇ ਤਾਇਨਾਤ ਭਾਰਤ ਅਤੇ ਚੀਨ ਦੀਆਂ ਫੌਜਾਂ ਨੇ ਪਿੱਛੇ ਹੱਟਣਾ ਸ਼ੁਰੂ ਕਰ ਦਿੱਤਾ ਹੈ। ਚੀਨੀ ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਵੂ ਕਿਯਾਨ ਨੇ ਕਿਹਾ ਕਿ ਪੂਰਬੀ ਲੱਦਾਖ ਵਿੱਚ ਪੈਂਗੋਗ ਝੀਲ ਦੇ ਉੱਤਰੀ ਅਤੇ ਦੱਖਣੀ ਪਾਸਿਆਂ ‘ਤੇ ਤਾਇਨਾਤ ਭਾਰਤ ਅਤੇ ਚੀਨ ਦੀ ਫਰੰਟਲਾਈਨ ਫੌਜ ਨੇ ਬੁੱਧਵਾਰ ਤੋਂ ਯੋਜਨਾਬੱਧ ਤੌਰ ‘ਤੇ ਪਿੱਛੇ ਹੱਟਣਾ ਸ਼ੁਰੂ ਕਰ ਦਿੱਤਾ ਹੈ।
ਚੀਨ ਦੇ ਅਧਿਕਾਰਤ ਮੀਡੀਆ ਨੇ ਕੀਤਾ ਸਾਂਝਾ ...
ਉਨ੍ਹਾਂ ਦੇ ਬਿਆਨ ਨਾਲ ਜੁੜੀ ਖਬਰ ਨੂੰ ਚੀਨ ਦੇ ਅਧਿਕਾਰਤ ਮੀਡੀਆ ਨੇ ਸਾਂਝਾ ਕੀਤਾ ਹੈ। ਕਿਯਾਨ ਨੇ ਇਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ ਕਮਾਂਡਰ ਪੱਧਰ ਦੀ ਨੌਵੇਂ ਦੌਰ ਦੀ ਵਾਰਤਾ ਵਿੱਚ ਬਣੀ ਸਹਿਮਤੀ ਦੇ ਦਰਮਿਆਨ ਦੋਵਾਂ ਦੇਸ਼ਾਂ ਦੀਆਂ ਆਰਮਡ ਫੋਰਸਿਜ਼ ਦੀਆਂ ਫਰੰਟਲਾਈਨ ਯੂਨਿਟਾਂ ਨੇ ਅੱਜ 10 ਫਰਵਰੀ ਤੋਂ ਪੈਂਗੋਂਗ ਝੀਲ ਦੇ ਉੱਤਰੀ ਅਤੇ ਦੱਖਣੀ ਪਾਸਿਓ ਇਕ ਯੋਜਨਾਬੱਧ ਤਰੀਕੇ ਨਾਲ ਪਿੱਛੇ ਹੱਟਣਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮਈ ਤੋਂ ਪੂਰਬੀ ਲੱਦਾਖ ਵਿਚ ਦੋਵਾਂ ਦੇਸ਼ਾਂ ਵਿਚਾਲੇ ਸੈਨਿਕ ਟਕਰਾਅ ਚੱਲ ਰਿਹਾ ਹੈ।
ਭਾਰੀ ਹਥਿਆਰ ਲੈ ਜਾ ਰਹੇ ਵਾਪਸ, ਫੌਜ ਨਹੀ!
ਈਟੀਵੀ ਭਾਰਤ ਨੇ ਇੱਕ ਸੀਨੀਅਰ ਅਧਿਕਾਰੀ ਨਾਲ ਭਾਰਤ ਅਤੇ ਚੀਨ ਦੀਆਂ ਫਰੰਟਲਾਈਨ ਫੌਜਾਂ ਦੀ ਵਾਪਸੀ ਬਾਰੇ ਗੱਲ ਕੀਤੀ। ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ, ਉਨ੍ਹਾਂ ਨੇ ਦੱਸਿਆ ਕਿ ਸਿਰਫ ਭਾਰੀ ਹਥਿਆਰ ਵਾਪਸ ਲਿਆਏ ਜਾ ਰਹੇ ਹਨ, ਜਦਕਿ ਫੌਜ ਨੂੰ ਫੇਸਆਫ ਪੁਆਇੰਟ 'ਤੇ ਤਾਇਨਾਤ ਕੀਤਾ ਗਿਆ ਹੈ।
ਭਾਰੀ ਹਥਿਆਰਾਂ ਵਿੱਚ ਟੈਂਕ ਅਤੇ ਬਖਤਰਬੰਦ ਵਾਹਨ ਸ਼ਾਮਲ ਹਨ ਜੋ ਦੋਵਾਂ ਪਾਸਿਆਂ ਤੋਂ ਤਾਇਨਾਤ ਕੀਤੇ ਗਏ ਸਨ। ਇਹ ਪੁੱਛੇ ਜਾਣ 'ਤੇ ਕਿ ਕੀ ਅਜਿਹੀ ਕਾਰਵਾਈ ਬਾਅਦ ਦੇ ਦਿਨਾਂ ਵਿਚ ਵੀ ਜਾਰੀ ਰਹੇਗੀ। ਅਧਿਕਾਰੀ ਨੇ ਕਿਹਾ, "ਇਹ ਦੋਵਾਂ ਬਿੰਦੂਆਂ 'ਤੇ ਕੁਝ ਸਮੇਂ ਲਈ ਜਾਰੀ ਰਹੇਗਾ, ਪਰ ਇਸ ਬਾਰੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ।"
ਨਾਲ ਹੀ, ਉਨ੍ਹਾਂ ਨੇ ਕਿਹਾ ਕਿ ਜੇਕਰ ਪੀਐਲਏ ਦੋ ਕਦਮ ਪਿੱਛੇ ਜਾਂਦੀ ਹੈ ਤਾਂ ਅਸੀ ਵੀ ਇਸ ਬਾਰੇ ਸੋਚ ਸਕਦੇ ਹਾਂ।
ਦਰਅਸਲ, ਦੋਨਾਂ ਫੋਜਾਂ ਵਿਚਾਲੇ ਅੰਤਿਮ ਕਮਾਂਡਰ ਪੱਧਰ ਦੀ ਵਾਰਤਾ ਵਿੱਚ ਵਾਪਸ ਜਾਣ ਦੇ ਸਮਝੌਤੇ 'ਤੇ ਵਿਆਪਕ ਸਹਿਮਤੀ ਹੋਈ ਸੀ। ਪੂਰਬੀ ਲਦਾਖ ਦੀਆਂ ਉਚਾਈਆਂ ਵਿੱਚ ਮੌਸਮ ਅਜੇ ਵੀ ਪ੍ਰਤੀਕੂਲ ਹੈ। ਕੜਾਕੇ ਦੀ ਠੰਡ ਨਾਲ ਬੁਰਾ ਹਾਲ ਹੈ। ਇਨ੍ਹਾਂ ਹਾਲਾਤਾਂ ਵਿੱਚ ਵੱਡੀ ਗਿਣਤੀ ਵਿੱਚ ਫੌਜਾਂ ਨੂੰ ਤਾਇਨਾਤ ਕਰਨ ਵਿੱਚ ਸਮਝਦਾਰੀ ਨਹੀਂ ਹੈ।