ਉੱਤਰ ਪ੍ਰਦੇਸ਼: ਕਿਸੇ ਦੇ ਜਨਮਦਿਨ ਦਾ ਕੇਕ ਕਿਸੇ ਦੀ ਮੌਤ ਦਾ ਕਾਰਨ ਬਣ ਸਕਦਾ ਹੈ, ਇਹ ਆਪਣੇ ਆਪ ਵਿੱਚ ਹੈਰਾਨੀ ਵਾਲੀ ਗੱਲ ਹੈ, ਪਰ ਵਾਰਾਣਸੀ ਵਿੱਚ ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਹੈ। ਇੱਥੇ ਵੱਡੇ ਭਰਾ ਦਾ ਜਨਮ ਦਿਨ ਦਾ ਕੇਕ ਛੋਟੇ ਭਰਾ ਲਈ ਮੌਤ ਦਾ ਕਾਰਨ ਬਣ ਗਿਆ। ਮਾਮਲਾ ਵਾਰਾਣਸੀ ਦੇ ਜੰਸਾ ਥਾਣਾ ਖੇਤਰ ਦਾ ਹੈ, ਜਿੱਥੇ ਇੱਕ 8 ਸਾਲ ਦੇ ਬੱਚੇ ਦੀ ਸਾਹ ਨਲੀ ਵਿੱਚ ਕੇਕ ਫਸਣ ਕਾਰਨ ਮੌਤ ਹੋ ਗਈ।
ਭਰਾ ਦੇ ਜਨਮਦਿਨ ਦਾ ਕੇਕ ਬਣਿਆ ਮੌਤ ਦਾ ਕਾਰਨ: ਇਹ ਸਾਰਾ ਮਾਮਲਾ ਜੰਸਾ ਥਾਣਾ ਖੇਤਰ ਦੇ ਪਿੰਡ ਸਜੋਈ ਦਾ ਹੈ। ਧੀਰਜ ਸ਼੍ਰੀਵਾਸਤਵ, ਜੋ ਕਿ ਪੇਸ਼ੇ ਤੋਂ ਅਧਿਆਪਕ ਹੈ, ਪਿੰਡ ਦਾ ਵਸਨੀਕ ਹੈ ਅਤੇ ਉਸ ਦੇ ਦੋ ਪੁੱਤਰ ਹਨ। ਪਿਛਲੇ ਸੋਮਵਾਰ ਨੂੰ ਉਨ੍ਹਾਂ ਦੇ ਵੱਡੇ ਬੇਟੇ ਦਾ ਜਨਮ ਦਿਨ ਸੀ। ਦੇਰ ਰਾਤ ਕੇਕ ਕੱਟਣ ਤੋਂ ਬਾਅਦ ਛੋਟੇ ਬੇਟੇ ਪ੍ਰਾਂਜਲ ਨੇ ਕੇਕ ਖਾ ਲਿਆ। ਇਸ ਤੋਂ ਬਾਅਦ ਅਚਾਨਕ ਉਸ ਦੀ ਸਿਹਤ ਵਿਗੜਨ ਲੱਗੀ। ਉਸ ਦੀ ਵਿਗੜਦੀ ਸਿਹਤ ਨੂੰ ਦੇਖ ਕੇ ਪਰਿਵਾਰ ਵਾਲੇ ਬੱਚੇ ਨੂੰ ਨਿੱਜੀ ਹਸਪਤਾਲ ਲੈ ਗਏ, ਜਿੱਥੇ ਦੋ ਦਿਨ ਇਲਾਜ ਮਗਰੋਂ ਪ੍ਰਾਂਜਲ ਦੀ ਮੌਤ ਹੋ ਗਈ।
ਖੁਸ਼ੀ ਨੇ ਪਸਾਰਿਆ ਮਾਤਮ: ਪੁੱਤਰ ਦੀ ਮੌਤ ਤੋਂ ਬਾਅਦ ਮਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਉਹ ਤਿੰਨ ਤੋਂ ਚਾਰ ਹਸਪਤਾਲਾਂ ਵਿੱਚ ਗਏ, ਪਰ ਕਿਤੇ ਵੀ ਇਲਾਜ ਨਹੀਂ ਹੋ ਸਕਿਆ। ਉਸ ਦੇ ਘਰ ਜਨਮ ਦਿਨ ਦੀ ਖੁਸ਼ੀ ਮੌਤ ਦੇ ਸੋਗ ਵਿੱਚ ਬਦਲ ਗਈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਪ੍ਰਾਂਜਲ ਦੋ ਭਰਾਵਾਂ ਵਿੱਚੋਂ ਛੋਟਾ ਸੀ। ਕੇਕ ਕੱਟਣ ਤੋਂ ਬਾਅਦ ਜਦੋਂ ਉਸ ਨੇ ਕੇਕ ਖਾਧਾ, ਤਾਂ ਅਚਾਨਕ ਉਸ ਦੀ ਤਬੀਅਤ ਵਿਗੜਨ ਲੱਗੀ। ਇਸ ਤੋਂ ਬਾਅਦ ਅਸੀਂ ਜਲਦੀ-ਜਲਦੀ ਪ੍ਰਾਂਜਲ ਨੂੰ ਨੇੜੇ ਦੇ ਨਰਸਿੰਗ ਹੋਮ 'ਚ ਲੈ ਗਏ, ਜਿੱਥੋਂ ਜਵਾਬ ਮਿਲਣ 'ਤੇ ਉਸ ਨੂੰ ਸ਼ਹਿਰ ਦੇ ਦੋ ਹੋਰ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ, ਉੱਥੋ ਵੀ ਜਵਾਬ ਮਿਲ ਗਿਆ।
ਉਨ੍ਹਾਂ ਦੱਸਿਆ ਕਿ, ਡਾਕਟਰਾਂ ਦਾ ਕਹਿਣਾ ਹੈ ਕਿ ਪ੍ਰਾਂਜਲ ਦੀ ਸਾਹ ਨਲੀ ਵਿੱਚ ਕੇਕ ਅਟਕ ਗਿਆ ਸੀ ਜਿਸ ਕਾਰਨ ਉਸ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋ ਰਹੀ ਸੀ। ਇਹੀ ਉਸ ਦੀ ਮੌਤ ਦਾ ਕਾਰਨ ਬਣਿਆ ਹੈ।