ਤੇਜ਼ਪੁਰ/ ਅਸਾਮ: ਤੇਜ਼ਪੁਰ ਯੂਨੀਵਰਸਿਟੀ ਦੇ ਇਲੈਕਟ੍ਰਾਨਿਕਸ ਅਤੇ ਸੰਚਾਰ ਇੰਜੀਨਿਅਰ ਵਿਭਾਗ ਦੇ ਇੱਕ ਵਿਸ਼ੇਸ਼ ਗ੍ਰੈਜੂਏਟ ਵਿਗਿਆਨੀ ਚਯਨ ਦੱਤਾ ਤੀਜੇ ਚੰਦਰ ਮਿਸ਼ਨ ਚੰਦਰਯਾਨ 3 ਦੇ ਲਾਂਚ ਪਿੱਛੇ ਅਹਿਮ ਭੂਮਿਕਾ ਨਿਭਾਉਣਗੇ। ਚੰਦਰਯਾਨ-3 ਅੱਜ ਦੁਪਹਿਰ 2:30 ਵਜੇ ਲਾਂਚ ਹੋਣ ਜਾ ਰਿਹਾ ਹੈ। ਅਸਾਮ ਦਾ ਇਹ ਵਿਗਿਆਨੀ ਭਾਰਤ ਤੇ ਦੁਨੀਆ ਭਰ ਦੇ ਵਿਗਿਆਨਕ ਭਾਈਚਾਰੇ ਲਈ ਇੱਕ ਮੱਹਤਵਪੂਰਨ ਮੀਲ ਪੱਥਰ ਸਾਬਿਤ ਹੋ ਰਿਹਾ ਹੈ।
ਚਯਨ ਦੱਤਾ ਦਾ ਕੀ ਕੰਮ ਹੋਵੇਗਾ: ਮੌਜੂਦਾ ਸਮੇਂ ਵਿੱਚ, ਪੁਲਾੜ ਵਿਭਾਗ ਦੇ ਯੂਆਰ ਰਾਓ ਸੈਟੇਲਾਈਟ ਕੇਂਦਰ ਵਿੱਚ ਇੱਕ ਵਿਗਿਆਨੀ/ਇੰਜੀਨਿਅਰ ਵਜੋਂ ਕੰਮ ਕਰ ਰਹੇ ਦੱਤਾ ਨੂੰ ਚੰਦਰਯਾਨ-3 ਲਈ ਡਿਪਟੀ ਪ੍ਰੋਜੈਕਟ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਇਸ ਭੂਮਿਕਾ ਵਿੱਚ, ਚਯਨ ਦੱਤਾ ਮਿਸ਼ਨ ਦੇ ਨਾਜ਼ੁਕ ਪਹਿਲੂਆਂ, ਖਾਸ ਤੌਰ ਉੱਤੇ ਚੰਦਰਮਾ ਲੈਂਡਰ ਦੇ ਆਨ-ਬੋਰਡ ਕਮਾਂਡ ਟੈਲੀਮੈਟਰੀ, ਡੈਟਾ ਹੈਂਡਲਿੰਗ ਅਤੇ ਸਟੋਰੇਜ ਪ੍ਰਣਾਲੀਆਂ ਦੀ ਨਿਗਰਾਨੀ ਕਰਨਗੇ।
ਇਹ ਪ੍ਰਣਾਲੀ ਪੁਲਾੜ ਯਾਨ ਦੇ ਕਾਰਜਾਂ ਨੂੰ ਕੰਟਰੋਲ ਕਰਨ ਲਈ ਮਹੱਤਵਪੂਰਨ ਹੈ। ਔਰਬਿਟਰ ਦੇ ਕੇਂਦਰੀ ਤੰਤੂ ਪ੍ਰਣਾਲੀ ਵਜੋਂ ਕੰਮ ਕਰਦੀ ਹੈ। ਤੇਜ਼ਪੁਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸ਼ੰਭੂਨਾਥ ਸਿੰਘ ਨੇ ਇਸ ਮਿਸ਼ਨ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ, ਜਿਸ ਨੇ ਨਾ ਸਿਰਫ਼ ਪੁਲਾੜ ਖੋਜ ਲਈ ਭਾਰਤ ਦੀ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ, ਬਲਕਿ ਦੇਸ਼ ਅੰਦਰ ਅਸਾਧਾਰਨ ਪ੍ਰਤਿਭਾ ਤੇ ਮੁਹਾਰਤ ਨੂੰ ਵੀ ਉਜਾਗਰ ਕੀਤਾ ਹੈ।
ਅਸਾਮ ਲਈ ਮਾਣ ਵਾਲੀ ਗੱਲ: ਅਸਾਮ ਦੇ ਲਖੀਮਪੁਰ ਜ਼ਿਲ੍ਹੇ ਵਿੱਚ ਜਨਮੇ ਚਯਨ ਦੱਤਾ ਦੀ ਚੰਦਰਯਾਨ-3 ਲਾਂਚ ਕੰਟਰੋਲ ਆਪਰੇਸ਼ਨ ਦੇ ਮੁਖੀ ਵਜੋਂ ਨਿਯੁਕਤੀ ਹੋਈ ਹੈ। ਅਸਾਮ ਤੇ ਤੇਜ਼ਪੁਰ ਯੂਨੀਵਰਸਿਟੀ ਦੇ ਲੋਕਾਂ ਲਈ ਹੀ ਨਹੀਂ ਸਗੋਂ, ਪੂਰੇ ਭਾਰਤ ਲਈ ਇਹ ਮਾਣ ਵਾਲੀ ਗੱਲ ਹੈ। ਚੰਦਰਯਾਨ-3 ਦਾ ਮੁੱਖ ਟੀਚਾ ਚੰਦਰਮਾ ਦੀ ਸਤ੍ਹਾ ਉੱਤੇ ਸਾਫਟ ਲੈਂਡਿੰਗ ਕਰਨਾ ਹੈ, ਜੋ ਕਿ ਬਹੁਤ ਹੀ ਚੁਣੌਤੀਪੂਰਨ ਹੈ। ਇਸ ਵਿੱਚ ਹੁਣ ਤੱਕ ਸੋਵੀਅਤ ਸੰਘ, ਸੰਯੁਕਤ ਰਾਜ ਅਤੇ ਚੀਨ ਹੀ ਸਫ਼ਲ ਹੋ ਪਾਇਆ ਹੈ।
ਇਸ ਮਿਸ਼ਨ ਨੂੰ ਸਫ਼ਲਤਾਪੂਰਵਕ ਲਾਗੂ ਕਰਨ ਨਾਲ ਭਾਰਤ ਇਸ ਪ੍ਰਾਪਤੀ ਨਾਲ ਕੁੱਲ ਦੇਸ਼ਾਂ ਦੀ ਸੂਚੀ ਵਿੱਚ ਚੌਥੇ ਨੰਬਰ ਉੱਤੇ ਆ ਜਾਵੇਗਾ। ਜਿਵੇਂ ਹੀ ਲਾਂਚ ਦੀ ਕਾਊਂਟਡਾਊਨ ਸ਼ੁਰੂ ਹੋਵੇਗੀ, ਸਭ ਦੀਆਂ ਨਜ਼ਰਾਂ ਚਯਨ ਦੱਤਾ ਤੇ ਉਸ ਦੀ ਟੀਮ ਉੱਤੇ ਟਿਕੀਆਂ ਰਹਿਣਗੀਆਂ। ਚੰਦਰਯਾਨ-3 ਦੀ ਲਾਂਚਿੰਗ ਨਾ ਸਿਰਫ਼ ਚੰਦਰਮਾ ਬਾਰੇ ਸਾਡੀ ਜਾਣਕਾਰੀ ਵਿੱਚ ਵਾਧਾ ਕਰੇਗਾ, ਬਲਕਿ ਇਹ ਭਾਰਤ ਦੀ ਵਿਗਿਆਨਿਕ ਤਰੱਕੀ ਦਾ ਵੀ ਪ੍ਰਤੀਕ ਹੋਵੇਗਾ। ਇਹ ਸੀਮਾਵਾਂ ਨੂੰ ਅੱਗੇ ਵਧਾਉਣ, ਅਣਜਾਣ ਖੋਜ ਕਰਨਾ ਅਤੇ ਘਰੇਲੂ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਪ੍ਰਤੀ ਰਾਸ਼ਟਰ ਦੇ ਸਮਰਪਣ ਦਾ ਪ੍ਰਮਾਣ ਸਿੱਧ ਹੋਵੇਗਾ।