ਭੋਪਾਲ: ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਸ਼ਨੀਵਾਰ ਰਾਤ ਨੂੰ ਇਕ ਤੇਜ਼ ਰਫਤਾਰ ਕਾਰ ਦੁਰਗਾ ਵਿਸਰਜਨ ਜਲੂਸ 'ਚ ਦਾਖਲ ਹੋ ਗਈ, ਜਿਸ ਤੋਂ ਬਾਅਦ ਭਗਦੜ ਮਚ ਗਈ। ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਵਿੱਚ, ਜਿਵੇਂ ਹੀ ਕਾਰ ਚਾਲਕ ਨੇ ਆਪਣੀ ਕਾਰ ਨੂੰ ਰਿਵਰਸ ਕੀਤਾ ਤਾਂ ਤਿੰਨ ਤੋਂ ਚਾਰ ਲੋਕਾਂ ਨੂੰ ਉਸ ਨੇ ਟੱਕਰ ਮਾਰ ਦਿੱਤੀ। ਕਾਰ ਚਾਲਕ ਲੋਕਾਂ ਨੂੰ ਦਰੜਦਾ ਹੋਇਆ ਭੱਜ ਗਿਆ।
ਇਸ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਮਾਮਲਾ ਵੀ ਦਰਜ ਕੀਤਾ ਹੈ।
ਇਹ ਘਟਨਾ ਦੇਰ ਰਾਤ ਕਰੀਬ 11.30 ਵਜੇ ਵਾਪਰੀ, ਜਦੋਂ ਦੁਰਗਾ ਵਿਸਰਜਨ ਦਾ ਜਲੂਸ ਭੋਪਾਲ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ-1 ਦੇ ਬਾਹਰੋਂ ਲੰਘ ਰਿਹਾ ਸੀ। ਇਸ ਦੌਰਾਨ ਬਜਰਿਆ ਖੇਤਰ ਵਿੱਚ ਚਾਂਦਬੜ ਤੋਂ ਗ੍ਰੇਅ ਰੰਗ ਦੀ ਇੱਕ ਤੇਜ਼ ਰਫਤਾਰ ਕਾਰ ਜਲੂਸ ਵਿੱਚ ਦਾਖਲ ਹੋਈ, ਜਿਸ ਨੇ ਲੋਕਾਂ ਨੂੰ ਟੱਕਰ ਮਾਰ ਦਿੱਤੀ।
ਘਟਨਾ ਵਿੱਚ ਚਾਰ ਜ਼ਖ਼ਮੀਆਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਦਾ ਹਮੀਦਿਆ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਅਣਪਛਾਤੇ ਵਿਰੁੱਧ ਕੇਸ ਦਰਜ
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਵਾਹਨ ਦਾ ਨੰਬਰ ਅਜੇ ਨਹੀਂ ਮਿਲਿਆ ਹੈ। ਸਿਰਫ ਗ੍ਰੇਅ ਰੰਗ ਦੇ ਵਾਹਨ ਦੇ ਆਧਾਰ 'ਤੇ ਪੁਲਿਸ ਨੇ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਵਲੋਂ ਮੁਲਜ਼ਮ ਦੀ ਭਾਲ ਜਾਰੀ ਹੈ।
ਪੁਲਿਸ ਸਟੇਸ਼ਨ ਦਾ ਘਿਰਾਓ
ਘਟਨਾ ਤੋਂ ਬਾਅਦ ਇਲਾਕੇ 'ਚ ਤਣਾਅ ਦੀ ਸਥਿਤੀ ਬਣੀ ਹੋਈ ਹੈ, ਜਿਸ ਕਾਰਨ ਉਥੇ ਵਾਧੂ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਹੈ। ਦੇਰ ਰਾਤ ਲੋਕਾਂ ਨੇ ਇਸ ਘਟਨਾ ਦੇ ਸਬੰਧ ਵਿੱਚ ਪੁਲਿਸ ਥਾਣਾ ਬਜਰਿਆ ਦਾ ਘਿਰਾਓ ਵੀ ਕੀਤਾ, ਪੁਲਿਸ ਨੇ ਉਨ੍ਹਾਂ ਨੂੰ ਹਲਕੀ ਤਾਕਤ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਨੂੰ ਹਟਾ ਦਿੱਤਾ ਸੀ।
ਫਿਲਹਾਲ ਪੁਲਿਸ ਸੀਸੀਟੀਵੀ ਫੁਟੇਜ ਰਾਹੀਂ ਡਰਾਈਵਰ ਅਤੇ ਵਾਹਨ ਦੀ ਭਾਲ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ:ਕੇਰਲ ਵਿੱਚ ਭਾਰੀ ਮੀਂਹ ਨਾਲ ਵਿਗੜੇ ਹਾਲਾਤ, ਢਿੱਗਾਂ ਡਿੱਗਣ ਕਾਰਨ 7 ਦੀ ਮੌਤ, ਕਈ ਲਾਪਤਾ