ਚੰਡੀਗੜ੍ਹ: ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਕੇ ਦਲਿਤ ਪੱਤਾ ਖੇਡਿਆ ਹੈ। ਪੰਜਾਬ ਦੇ ਵੱਡੇ ਜੱਟ ਸਿੱਖ ਚਿਹਰਿਆਂ (Jat Sikh Face) ਵਿੱਚੋਂ ਉਨ੍ਹਾਂ ਦੀ ਮੁੱਖ ਮੰਤਰੀ ਵਜੋਂ ਚੋਣ ਕਰਨਾ ਭਾਵੇਂ ਦੂਜੀਆਂ ਸਿਆਸੀ ਧਿਰਾਂ ਦੀ ਦਲਿਤ ਰਾਜਨੀਤੀ ਨੂੰ ਟੱਕਰ ਦੇਣ ਦਾ ਇੱਕ ਵੱਡਾ ਉਪਰਾਲਾ ਹੈ ਪਰ ਇਕੱਲੇ ਦਲਿਤ ਕਾਰਡ ਨਾਲ ਪੰਜਾਬ ਵਿੱਚ ਕਾਂਗਰਸ ਸੱਤਾ ਵਿੱਚ ਵਾਪਸੀ ਕਰ ਸਕੇਗੀ, ਇਹ ਇੱਕ ਵੱਡਾ ਸੁਆਲ ਬਣ ਗਿਆ ਹੈ। ਸ਼ਾਇਦ ਇਸੇ ਦਾ ਨਤੀਜਾ ਹੈ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਸ਼ਤਰੰਜ ਦੀ ਚਾਲ ਵਾਂਗ ਲਗੇ ਹੱਥ ਇਹ ਵੀ ਬਿਆਨ ਦੇ ਦਿੱਤਾ ਕਿ ਅਗਲੀਆਂ ਚੋਣਾਂ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ।
ਕੀ ਇਸ਼ਾਰਾ ਕਰਦੈ ਰਾਵਤ ਦਾ ਬਿਆਨ
ਰਾਵਤ (Harish Rawat) ਦੇ ਇਸ ਬਿਆਨ ਨੂੰ ਦੂਜੀਆਂ ਪਾਰਟੀਆਂ ਵੱਡੇ ਮੌਕੇ ਵਜੋਂ ਲੈਂਦਿਆਂ ਕਾਂਗਰਸ ਨੂੰ ਘੇਰ ਰਹੀਆਂ ਹਨ ਕਿ ਕੀ ਦਲਿਤ ਸਿਰਫ ਸੰਕਟ ਟਪਾਉਣ ਲਈ ਹੀ ਵਰਤੇ ਜਾ ਰਹੇ ਹਨ। ਉਂਜ ਚੰਨੀ ਹਾਈਕਮਾਂਡ ਵਿੱਚ ਪਹੁੰਚ ਰੱਖਦੇ ਹਨ ਤੇ ਮੌਕੇ ਮੁਤਾਬਕ ਨਵਜੋਤ ਸਿੱਧੂ ਨੂੰ ਇਹ ਚਿਹਰਾ ਇਸ ਲਈ ਫਿੱਟ ਬੈਠ ਰਿਹਾ ਹੈ, ਕਿਉਂਕਿ ਉਹ ਸ਼ਾਇਦ ਕਦੇ ਨਹੀਂ ਚਾਹੁਣਗੇ ਕਿ ਕਈ ਤਜਰਬੇਕਾਰ ਜੱਟ ਸਿੱਖ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ। ਦੂਜੇ ਪਾਸੇ ਚੰਨੀ ਹਾਲਾਂਕਿ ਮੁੱਖ ਮੰਤਰੀ ਲਈ ਪਿਛਲੇ ਲੰਮੇ ਸਮੇਂ ਤੋਂ ਕੋਸ਼ਿਸ਼ਾਂ ਕਰਦੇ ਆ ਰਹੇ ਸੀ ਤੇ ਉਨ੍ਹਾਂ ਦੋ-ਤਿੰਨ ਵਾਰ ਦਲਿਤ ਵਿਧਾਇਕਾਂ ਦਾ ਇਕੱਠ ਵੀ ਕੀਤਾ। ਹਾਲਾਂਕਿ ਉਹ ਮੰਤਰੀ ਰਹੇ ਪਰ ਸ਼ਾਇਦ ਉਹ ਮੁੱਖ ਮੰਤਰੀ ਦੀ ਜਿੰਮੇਵਾਰੀ ਨਿਭਾਉਣ ਲਈ ਅਜੇ ਤਿਆਰ ਨਹੀਂ ਸੀ ਪਰ ਸਿਆਸੀ ਉਲਟ ਫੇਰ ਵਿੱਚ ਉਨ੍ਹਾਂ ਦਾ ਦਾਅ ਲੱਗ ਗਿਆ।
ਲਾਹੇਵੰਦ ਵੀ ਹੋ ਸਕਦੈ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ
ਪਾਰਟੀ ਲਈ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣਾ ਲਾਹੇਵੰਦ ਵੀ ਸਾਬਤ ਹੋ ਸਕਦਾ ਹੈ ਕਿਉਂਕਿ ਉਨ੍ਹਾਂ ਦੇ ਰਵੀਦਾਸੀਆ ਸਮਾਜ ਦਾ ਰਾਖਵੀਆਂ ਸੀਟਾਂ ‘ਤੇ ਕਾਫੀ ਅਸਰ ਹੈ ਤੇ ਦੂਜੀਆਂ ਪਾਰਟੀਆਂ ਜਿਥੇ ਉਪ ਮੁੱਖ ਮੰਤਰੀ ਬਣਾਉਣ ਦੇ ਵਾਅਦੇ ਕਰ ਰਹੀਆਂ ਸੀ, ਉਥੇ ਕਾਂਗਰਸ ਨੇ ਦਲਿਤਾਂ ਵਿੱਚੋਂ ਮੁੱਖ ਮੰਤਰੀ ਬਣਾ ਦਿੱਤਾ। ਚੰਨੀ ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਬਣੇ ਹਨ। ਅਕਾਲੀ ਦਲ ਨੇ ਬਸਪਾ ਨਾਲ ਸਮਝੌਤਾ ਕਰਕੇ ਉਪ ਮੁੱਖ ਮੰਤਰੀ ਬਣਾਉਣ ਦੀ ਗੱਲ ਕਹੀ, ਉਥੇ ਭਾਜਪਾ ਦਲਿਤ ਚਿਹਰਾ ਲਿਆਉਣ ਦੀ ਗੱਲ ਕਹਿੰਦੀ ਰਹੀ ਤੇ ਆਮ ਆਦਮੀ ਪਾਰਟੀ ਵੀ ਦਲਿਤਾਂ ਨੂੰ ਦੂਜੀਆਂ ਪਾਰਟੀਆਂ ਵੱਲੋਂ ਸਿਰਫ ਦਲਿਤਾਂ ਬਾਰੇ ਗੱਲਾਂ ਕਰਨ ਦਾ ਦੋਸ਼ ਲਗਾਉਂਦਿਆਂ ਇਸ ਖਿੱਤੇ ਨੂੰ ਅਣਗੌਲ੍ਹਿਆ ਕਰਨ ਦੀ ਗੱਲ ਕਹਿੰਦੀ ਰਹੀ ਪਰ ਕਾਂਗਰਸ ਨੇ ਦਲਿਤ ਮੁੱਖ ਮੰਤਰੀ ਬਣਾ ਕੇ ਦਲਿਤ ਰਾਜਨੀਤੀ ‘ਤੇ ਇਨ੍ਹਾਂ ਪਾਰਟੀਆਂ ਦੇ ਮੂੰਹ ਫਿਲਹਾਲ ਬੰਦ ਕਰ ਦਿੱਤੇ।
ਸਾਰੇ ਖਿੱਤਿਆਂ ‘ਚ ਤਾਲਮੇਲ ਬਿਠਾਉਣਾ ਇੱਕ ਵੱਡੀ ਚੁਣੌਤੀ
ਉਂਜ ਕੈਪਟਨ ਅਮਰਿੰਦਰ ਸਿੰਘ ਦੇ ਚਿਹਰੇ ਨੂੰ ਵੀ ਦਲਿਤ ਸਮਾਜ ਵੋਟਿੰਗ ਕਰਦਾ ਰਿਹਾ ਹੈ ਤੇ ਉਨ੍ਹਾਂ ਵੱਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੀ ਵਰਤਾਰਾ ਹੋਵੇਗਾ ਤੇ ਉਨ੍ਹਾਂ ਦੀ ਪਾਰਟੀ ਵਿੱਚ ਸੰਭਾਵੀ ਸਰਗਰਮੀ ਨਾ ਹੋਣ ਦਾ ਘਾਟਾ ਪੂਰਾ ਕਰਨ ਲਈ ਵੀ ਚੰਨੀ ਨੂੰ ਅੱਗੇ ਲਿਆਂਦਾ ਜਾਪਦਾ ਹੈ। ਇਥੋਂ ਇਹ ਵੀ ਪ੍ਰਤੀਤ ਹੁੰਦਾ ਹੈ ਕਿ ਚੰਨੀ ਨੂੰ ਅੱਗੇ ਲਿਆਉਣ ਪਿੱਛੇ ਕਾਂਗਰਸ ਵੱਲੋਂ ਦਲਿਤ ਸਮਾਜ ਨੂੰ ਤਰਜੀਹ ਦਿੱਤੀ ਗਈ ਹੈ। ਇਹ ਸੰਭਾਵੀ ਤੌਰ ‘ਤੇ ਸਿਆਸੀ ਰਣਨੀਤੀ ਘਾੜੇ ਪ੍ਰਸ਼ਾਂਤ ਕਿਸ਼ੋਰ ਦੀ ਸਲਾਹ ‘ਤੇ ਚੁੱਕਿਆ ਕਦਮ ਵੀ ਜਾਪ ਰਿਹਾ ਹੈ। ਹਾਲਾਂਕਿ ਕਾਂਗਰਸ ਆਪਣੇ ਜਾਲ ਵਿੱਚ ਫਸ ਵੀ ਸਕਦੀ ਹੈ, ਉਸ ਨੂੰ ਸਾਰੇ ਖਿੱਤਿਆਂ ਵਿੱਚ ਤਾਲਮੇਲ ਬਣਾਉਣ ਅਤੇ ਸਾਰਿਆਂ ਨੂੰ ਖ਼ੁਸ਼ ਕਰਨ ਲਈ ਕਾਫੀ ਮਸ਼ੱਕਤ ਕਰਨੀ ਪਵੇਗੀ। ਜਾਤ ਅਧਾਰਤ ਸਮੀਕਰਣ ਦੀ ਗੱਲ ਕੀਤੀ ਜਾਵੇ ਤਾਂ ਰਾਜਨੀਤਕ ਲਿਹਾਜ ਨਾਲ ਸਿੱਖ, ਹਿੰਦੂ ਅਤੇ ਦਲਿਤਾਂ ਦੇ ਦੁਆਲੇ ਰਾਜਨੀਤੀ ਘੁੰਮਦੀ ਹੈ। ਸਿੱਖ ਅਕਾਲੀਆਂ ਤੇ ਕਾਂਗਰਸ ਨੂੰ ਵੋਟ ਕਰਦੇ ਹਨ ਤੇ ਸ਼ਹਿਰੀ ਇਲਾਕੇ ਵਿੱਚ ਹਿੰਦੂਆਂ ਦੀ ਵੋਟ ਭਾਜਪਾ ਖਾਤੇ ਜਾਂਦੀ ਹੈ ਪਰ ਨਿਜੀ ਪਸੰਦ ਕਾਰਨ ਉਹ ਕੈਪਟਨ ‘ਤੇ ਵੀ ਵੱਡਾ ਭਰੋਸਾ ਕਰਦੇ ਹਨ। ਦਲਿਤਾਂ ਦੀ ਵੋਟ ਵੰਡੀ ਜਾਂਦੀ ਹੈ, ਜਿਆਦਾਤਰ ਕਾਂਗਰਸ ਵਿੱਚ ਤੇ ਫੇਰ ਅਕਾਲੀ ਦਲ ਤੇ ਭਾਜਪਾ ਵੱਲ ਝੁਕਾਅ ਰਹਿੰਦਾ ਹੈ ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਇਸ ਸ਼੍ਰੇਣੀ ਵੱਲੋਂ ਵੱਡਾ ਹੁੰਗਾਰਾ ਮਿਲਿਆ ਸੀ। ਪਾਰਟੀ ਦੇ ਜਿਆਦਾਤਰ ਵਿਧਾਇਕ ਦਲਿਤਾਂ ‘ਚੋਂ ਜਿੱਤੇ ਸੀ।
ਦਲਿਤਾਂ ਨੂੰ ਬਸਪਾ ਨੂੰ ਵੋਟਿੰਗ ਤੋਂ ਰੋਕਣ ਦੀ ਕੋਸ਼ਿਸ਼
ਦਲਿਤ ਨੂੰ ਮੁੱਖ ਮੰਤਰੀ ਬਣਾਉਣ ਦੇ ਇਸ ਕਦਮ ਨਾਲ ਸ਼ਾਇਦ ਕਾਂਗਰਸ ਇਸ ਉਪਰਾਲੇ ਵੱਲ ਵੀ ਕਾਮਯਾਬ ਹੁੰਦੀ ਦਿਖ ਰਹੀ ਹੈ, ਕਿ ਬਹੁਜਨ ਸਮਾਜ ਪਾਰਟੀ ਦੇ ਮੋਢੀ ਬਾਬੂ ਕਾਂਸ਼ੀ ਰਾਮ ਦਾ ਸੁਫਨਾ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਦਲਿਤ ਹੋਵੇ ਤੇ ਇਸ ਵੇਲੇ ਬਹੁਜਨ ਸਮਾਜ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਠਜੋੜ ਵਿੱਚ ਹੈ ਤੇ ਅਜਿਹੇ ਵਿੱਚ ਦਲਿਤ ਮੁੱਖ ਮੰਤਰੀ ਬਣਾ ਕੇ ਕਾਂਗਰਸ ਦਲਿਤ ਵੋਟ ਬੈਂਕ ਨੂੰ ਆਪਣੇ ਹੱਕ ਵਿੱਚ ਕਰਨਾ ਚਾਹੁੰਦੀ ਹੈ। ਦੂਜੇ ਪਾਸੇ ਦਲਿਤ ਨੂੰ ਮੁੱਖ ਮੰਤਰੀ ਬਣਾ ਕੇ ਪਾਰਟੀ ਸਿੱਖਾਂ ਤੇ ਹਿੰਦੂਆਂ ਨੂੰ ਨਰਾਜ ਨਹੀਂ ਕਰਨਾ ਚਾਹੁੰਦੀ ਸੀ ਤੇ ਇਸੇ ਕਾਰਨ ਜੱਟ ਸਿੱਖ ਚਿਹਰੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਓਮ ਪ੍ਰਕਾਸ਼ ਸੋਨੀ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ ਹੈ ਤੇ ਇਸ ਨਾਲ ਸਮਾਜਕ ਸੰਤੁਲਨ ਬਿਠਾਇਆ ਗਿਆ ਹੈ।
ਵੇਖਣ ਦੀ ਗੱਲ, ਚੰਨੀ ਕਿਵੇਂ ਚਲਾਉਣਗੇ ਸਰਕਾਰ
ਦੇਅਜਿਹੇ ਵਿੱਚ ਇਸ ਗੱਲ ਦੀ ਪੜਚੋਲ ਕਰਨਾ ਵੀ ਜਰੂਰੀ ਹੈ ਕਿ ਸਮਾਜਕ ਸੰਤੁਲਨ ਦੇ ਦਰਮਿਆਨ ਮੁੱਖ ਮੰਤਰੀ ਦੀ ਕੁਰਸੀ ‘ਤੇ ਬਿਠਾਏ ਗਏ ਦਲਿਤ ਆਗੂ ਨੂੰ ਪੰਜਾਬ ਦੇ ਫੈਸਲੇ ਕਰਨ ਲਈ ਕਿੰਨੇ ਕੁ ਸਵੈ ਅਖਤਿਆਰ ਮਿਲਦੇ ਹਨ। ਅਜੇ ਨਵਾਂ ਮੰਤਰੀ ਮੰਡਲ ਵੀ ਬਣਨਾ ਹੈ, ਇਸ ਵਿੱਚ ਇਹ ਵੇਖਣ ਦੀ ਗੱਲ ਹੋਵੇਗੀ ਕਿ ਪੰਜਾਬ ਦੇ ਆਗੂਆਂ ਵਿੱਚ ਪਾਰਟੀ ਕਿੰਨਾ ਕੁ ਤਾਲਮੇਲ ਬਣਾ ਸਕੇਗੀ ਤੇ ਪੁਰਾਣੇ ਚਿਹਰਿਆਂ ਵਿੱਚੋਂ ਕਿਸ ਨੂੰ ਥਾਂ ਮਿਲੇਗੀ ਤੇ ਕੋਣ ਨਵਾਂ ਸ਼ਾਮਲ ਹੋਵੇਗਾ ਤੇ ਸ਼ਾਇਦ ਮੰਤਰੀ ਮੰਡਲ ਬਣਾਉਣ ਵਿੱਚ ਕਾਂਗਰਸ ਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਹੋਵੇਗਾ ਕਿ ਮੰਤਰੀ ਅਜਿਹੇ ਲਏ ਜਾਣ, ਜਿਨ੍ਹਾਂ ਕੋਲ ਮੁੱਖ ਮੰਤਰੀ ਨੂੰ ਚੰਗੇ ਤਰੀਕੇ ਨਾਲ ਸਰਕਾਰ ਚਲਾਉਣ ਲਈ ਆਪਣਾ ਵਧੀਆ ਤਜ਼ਰਬਾ ਹੋਵੇ।
ਵਾਅਦੇ ਵੱਧ, ਸਮਾਂ ਘੱਟ
ਕਾਂਗਰਸ ਅਤੇ ਇਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਮੁਹਿੰਮ ‘ਕੈਪਟਨ ਹਟਾਓ‘ ਦੌਰਾਨ ਅਜਿਹੇ ਵਾਅਦੇ ਕੀਤੇ ਤੇ ਸੁਫਨੇ ਵਿਖਾਏ ਹਨ ਕਿ ਉਨ੍ਹਾਂ ਨੂੰ ਇਸ ਸਰਕਾਰ ਦੇ ਬਾਕੀ ਰਹਿੰਦੇ ਸਮੇਂ ਵਿੱਚ ਪੂਰਾ ਕਰਨਾ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਇੱਕ ਵੱਡੀ ਚੁਣੌਤੀ ਹੋਵੇਗੀ। ਅਜੇ ਕਿਸਾਨੀ ਮੁੱਦਾ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਹੈ। ਅਟਕਲਾਂ ਲੱਗ ਰਹੀਆਂ ਹਨ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਨੇੜਤਾ ਹੋਣ ਕਾਰਨ ਕੈਪਟਨ ਅਮਰਿੰਦਰ ਸਿੰਘ ਕਿਸਾਨੀ ਮੁੱਦਾ ਹੱਲ ਕਰਵਾ ਕੇ ਵੱਡਾ ਧਮਾਕਾ ਕਰ ਸਕਦੇ ਹਨ ਤੇ ਇਸ ਨਾਲ ਉਹ ਪੰਜਾਬ ਵਿੱਚ ਰਾਜਸੀ ਲਾਹਾ ਖੱਟਣ ਦੀ ਕੋਸ਼ਿਸ਼ ਕਰਨਗੇ। ਅਜਿਹੇ ਵਿੱਚ ਅਜੇ ਕੁਝ ਸਮੇਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਪਾਰਟੀਆਂ ਵੱਲੋਂ ਚਲੇ ਜਾ ਰਹੇ ਸਿਆਸੀ ਪੱਤੇ ਕਿੰਨੇ ਕੁ ਕਾਰਗਾਰ ਸਾਬਤ ਹੁੰਦੇ ਹਨ।
ਪੰਜਾਬ ‘ਚ ਦਲਿਤ ਅੰਕੜੇ ‘ਤੇ ਇੱਕ ਨਜ਼ਰ
ਕੁਲ 117 ਹਲਕਿਆਂ ਦੇ ਹਿਸਾਬ ਨਾਲ ਪੰਜਾਬ ਵਿੱਚ ਮਾਲਵਾ ਸਭ ਤੋਂ ਵੱਡਾ ਖੇਤਰ ਹੈ। ਇਥੇ ਕੁਲ 69 ਸੀਟਾਂ ਹਨ, ਜਿਸ ਵਿੱਚੋਂ 19 ਸੀਟਾਂ ਅਨੁਸੂਚਿਤ ਜਾਤਾਂ ਲਈ ਰਾਖਵੀਆਂ ਹਨ। ਸਾਲ 2011 ਦੀ ਮਰਦ ਮਸ਼ੁਮਾਰੀ ਮੁਤਾਬਕ ਇਸ ਖਿੱਤੇ ਵਿੱਚ ਕੁਲ ਜਨਸੰਖਿਆ 16627039 ਹੈ, ਜਿਸ ਵਿੱਚੋਂ ਦਲਿਤਾਂ ਦੀ ਗਿਣਤੀ 5182332 ਹੈ। ਜੇਕਰ ਮਾਝੇ ਦੀ ਗੱਲ ਕਰੀਏ ਤਾਂ ਇਥੇ ਕੁਲ ਹਲਕੇ 25 ਹਨ, ਜਿਸ ਵਿੱਚੋਂ 7 ਹਲਕੇ ਰਾਖਵੇਂ ਹਨ। ਇਥੋਂ ਦੀ ਕੁਲ ਜਨਸੰਖਿਆ 5908606 ਹੈ ਤੇ ਦਲਿਤ 1728908 ਹਨ। ਦੋਆਬੇ ਵਿੱਚ ਕੁਲ ਜਨਸੰਖਿਆ 5207693 ਹੈ, ਜਿਸ ਵਿੱਚੋਂ ਦਲਿਤਾਂ ਦੀ ਗਿਣਤੀ 1948939 ਹੈ ਤੇ ਇਸ ਖੇਤਰ ਲਈ 23 ਹਲਕੇ ਬਣੇ ਹੋਏ ਹਨ, ਜਿਸ ਵਿੱਚੋਂ 8 ਹਲਕੇ ਅਨੁਸੂਚਿਤ ਜਾਤਾਂ ਲਈ ਰਾਖਵੇਂ ਹਨ।