ਨਵੀਂ ਦਿੱਲੀ/ਗਾਜ਼ੀਆਬਾਦ: ਕਿਸਾਨ ਆਗੂ ਰਾਕੇਸ਼ ਟਿਕੈਤ (Rakesh Tikait) ਨੇ ਇੱਕ ਹੋਰ ਵੱਡੇ ਅੰਦੋਲਨ ਵਿੱਚ ਸ਼ਾਮਿਲ ਹੋਣ ਦਾ ਸੰਕੇਤ ਦਿੱਤਾ ਹੈ। ਮਾਮਲਾ ਜਨਤਕ ਖੇਤਰ ਦੇ ਬੈਂਕਾਂ ਦੇ ਨਿੱਜੀਕਰਨ ਦੇ ਵਿਰੋਧ ਦਾ ਹੈ। ਰਾਕੇਸ਼ ਟਿਕੈਤ ਨੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਜੇਕਰ ਬੈਂਕਾਂ ਦੇ ਨਿੱਜੀਕਰਨ ਨੂੰ ਲੈ ਕੇ ਕੋਈ ਅੰਦੋਲਨ ਹੁੰਦਾ ਹੈ ਤਾਂ ਸਾਨੂੰ ਵੀ ਉਸ ਅੰਦੋਲਨ ਵਿੱਚ ਸ਼ਾਮਿਲ ਹੋਣ ਵਿੱਚ ਕੋਈ ਇਤਰਾਜ਼ ਨਹੀਂ ਹੋਵੇਗਾ। ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚਾ ਦੀ ਅਗਲੀ 7 ਤਰੀਕ ਭਾਵ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ਬਾਰੇ ਵੀ ਸਵਾਲ ਪੁੱਛੇ ਗਏ।
ਰਾਕੇਸ਼ ਟਿਕੈਤ (Rakesh Tikait) ਦਾ ਕਹਿਣਾ ਹੈ ਕਿ ਕਮੇਟੀ ਬਣਾ ਲਈ ਗਈ ਹੈ। 7 ਦਸੰਬਰ ਦੀ ਮੀਟਿੰਗ ਵਿੱਚ ਕਮੇਟੀ ਦੱਸੇਗੀ ਕਿ ਕੀ ਉਨ੍ਹਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਬੁਲਾਇਆ ਗਿਆ ਸੀ ਜਾਂ ਨਹੀਂ। ਰਾਕੇਸ਼ ਟਿਕੈਤ ਨੂੰ ਪੁੱਛਿਆ ਗਿਆ ਕਿ ਤੁਹਾਡਾ ਨਾਂ ਕਮੇਟੀ ਵਿੱਚ ਕਿਉਂ ਨਹੀਂ ਹੈ ਤਾਂ ਉਹ ਕਹਿੰਦੇ ਹਨ ਕਿ ਅਸੀਂ ਕਮੇਟੀ ਵਿੱਚ ਨਹੀਂ ਰਹਿਣਾ ਚਾਹੁੰਦੇ।
ਅਸੀਂ 35 ਲੋਕਾਂ ਦੀ ਕਮੇਟੀ ਵਿੱਚ ਹਾਂ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਪੰਜ ਲੋਕ ਸਾਰੇ ਫੈਸਲੇ ਲੈ ਸਕਣਗੇ ਤਾਂ ਉਨ੍ਹਾਂ ਨੇ ਕਿਹਾ ਕਿ ਜੋ ਪੰਜ ਲੋਕਾਂ ਦੀ ਕਮੇਟੀ ਫੈਸਲਾ ਲਵੇਗੀ ਅਸੀਂ ਉਹੀ ਫੈਸਲਾ ਮੰਨਾਂਗੇ।
ਇਹ ਵੀ ਪੜ੍ਹੋ: ਰਾਕੇਸ਼ ਟਿਕੈਤ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, FIR ਦਰਜ
ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਜਨਤਕ ਖੇਤਰ ਦੇ ਬੈਂਕਾਂ ਦੇ ਨਿੱਜੀਕਰਨ ਬਿੱਲ ਨੂੰ ਪੇਸ਼ ਕਰਨ ਦਾ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਕਿ ਸਾਂਝੇ ਅੰਦੋਲਨ ਦੀ ਲੋੜ ਹੈ। ਇਸ ਦੇ ਜਵਾਬ 'ਚ ਰਾਕੇਸ਼ ਟਿਕੈਤ ਨੇ ਕਿਹਾ ਕਿ ਬੈਂਕ ਵਾਲੇ ਖੁਦ ਹੀ ਵਿਰੋਧ ਕਰ ਰਹੇ ਹਨ। ਜੇਕਰ ਦੇਸ਼ ਵਿੱਚ ਸਾਰੇ ਮਾਮਲਿਆਂ ਨੂੰ ਲੈ ਕੇ ਅੰਦੋਲਨ ਹੁੰਦੇ ਹਨ ਤਾਂ ਬਹੁਤ ਸਾਰੇ ਮਾਮਲੇ ਇਕੱਠੇ ਹੋ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅੰਦੋਲਨ ਕਰੇਗਾ ਤਾਂ ਸਾਨੂੰ ਵੀ ਉੱਥੇ ਜਾਣ ਵਿੱਚ ਕੋਈ ਇਤਰਾਜ਼ ਨਹੀਂ ਹੋਵੇਗਾ।
ਉਨ੍ਹਾਂ ਨੂੰ ਪੁੱਛਿਆ ਗਿਆ ਕਿ ਭਾਰਤੀ ਕਿਸਾਨ ਯੂਨੀਅਨ (ਭਾਨੂ) ਨੇ ਕਿਹਾ ਹੈ ਕਿ ਇਹ ਅੰਦੋਲਨ ਕਾਂਗਰਸ ਦੇ ਫੰਡਾਂ ਨਾਲ ਚੱਲ ਰਿਹਾ ਹੈ। ਹੁਣ ਰਾਕੇਸ਼ ਟਿਕੈਤ ਨੂੰ ਜ਼ਬਰਦਸਤੀ ਹਟਾਉਣਾ ਹੋਵੇਗਾ। ਇਸ ਦੇ ਜਵਾਬ ਵਿੱਚ ਰਾਕੇਸ਼ ਟਕੈਤ ਨੇ ਕਿਹਾ ਹੈ ਕਿ ਜੇਕਰ ਕੋਈ ਕੁਝ ਕਹਿ ਰਿਹਾ ਹੈ ਤਾਂ ਉਸਨੂੰ ਕਹਿਣ ਦਿਓ, ਸਾਨੂੰ ਕੋਈ ਪਰਵਾਹ ਨਹੀਂ।ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਤਾਂ ਉਨ੍ਹਾਂ ਕਿਹਾ ਕਿ ਸਾਨੂੰ 20 ਧਮਕੀਆਂ ਮਿਲੀ ਚੁੱਕੀਆਂ ਹਨ ਅਸੀਂ ਕੀ ਕਰ ਸਕਦੇ ਹਾਂ। ਪੁਲਿਸ ਨੂੰ ਸਾਰੇ ਮਾਮਲੇ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਕਿਸਾਨਾਂ ਨੂੰ ਜ਼ਬਰਦਸਤੀ ਬਾਰਡਰ ਤੋਂ ਹਟਾਉਣ 'ਤੇ ਰਾਕੇਸ਼ ਟਿਕੈਤ ਦਾ ਵੱਡਾ ਬਿਆਨ