ਨਵੀਂ ਦਿੱਲੀ : ਉੱਤਰ-ਪੂਰਬੀ ਦਿੱਲੀ ਦੇ ਨੰਦਨਗਰੀ ਇਲਾਕੇ ਵਿੱਚ ਇੱਕ ਤਿੰਨ ਮੰਜ਼ਿਲਾ ਇਮਾਰਤ ਦੇ ਡਿੱਗਣ ਦੀ ਖ਼ਬਰ ਹੈ। ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਮਾਰਤ ਦੇ ਮਲਬੇ ਹੇਠ ਕਈ ਲੋਕ ਫਸੇ ਹੋ ਸਕਦੇ ਹਨ। ਫਿਲਹਾਲ ਅਜੇ ਵੀ ਬਚਾਅ ਕਾਰਜ ਜਾਰੀ ਹੈ।
ਸੂਚਨਾ ਤੋਂ ਬਾਅਦ ਪੁਲਿਸ, ਫਾਇਰ ਬ੍ਰਿਗੇਡ ਅਤੇ ਮਿਊਂਸਿਪਲ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਸਥਾਨਕ ਲੋਕ ਵੀ ਮਲਬੇ ਨੂੰ ਹਟਾਉਣ ਵਿੱਚ ਮਦਦ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਦੁਪਹਿਰ ਇੱਕ ਵਜੇ ਦੇ ਕਰੀਬ ਵਾਪਰਿਆ। ਇਹ ਇਮਾਰਤ ਬੇਹੱਦ ਪੁਰਾਣੀ ਦੱਸੀ ਜਾ ਰਹੀ ਹੈ।
ਉੱਤਰ-ਪੂਰਬੀ ਦਿੱਲੀ ਦੇ ਡੀਸੀਪੀ ਦੇ ਮੁਤਾਬਕ, ਪੀਸੀਆਰ ਕਾਲ ਸ਼ਨੀਵਾਰ ਦੁਪਹਿਰ ਕਰੀਬ 1.30 ਵਜੇ ਮਿਲੀ ਸੀ। ਇਸ ਕਾਲ 'ਤੇ ਦੱਸਿਆ ਗਿਆ ਕਿ ਨੰਦਨਗਰੀ ਦਿੱਲੀ ਸਥਿਤ ਇਮਾਰਤ ਦੀ ਇੱਕ ਕੰਧ ਢਹਿ ਗਈ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ।
ਘਰ ਦੇ ਮਾਲਕ ਦਾ ਨਾਮ ਧਨੀ ਰਾਮ ਹੈ। ਉਹ ਇੱਥੇ ਪਰਿਵਾਰ ਸਣੇ ਰਹਿੰਦਾ ਸਨ। ਬਚਾਅ ਟੀਮਾਂ ਵੱਲੋਂ ਮਲਬੇ ਵਿੱਚੋਂ ਤਿੰਨ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈ। ਧਨੀ ਰਾਮ (65 ਸਾਲ), ਉਨ੍ਹਾਂ ਦੀ ਪਤਨੀ ਅਨਾਰੋ ਦੇਵੀ (65 ਸਾਲ) ਅਤੇ ਰਾਜਕੁਮਾਰ (64 ਸਾਲ) ਨੂੰ ਬਚਾਇਆ ਗਿਆ ਹੈ। ਸਾਰਿਆਂ ਨੂੰ ਜੀਟੀਬੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਅਜੇ ਵੀ ਮਲਬੇ ਹੇਠ ਇੱਕ ਵਿਅਕਤੀ ਦੇ ਫਸੇ ਹੋਣ ਦਾ ਖਦਸ਼ਾ ਹੈ। ਬਚਾਅ ਕਾਰਜ ਅਜੇ ਵੀ ਜਾਰੀ ਹੈ।
ਇਹ ਵੀ ਪੜ੍ਹੋ : ਜਾਣੋ ਬੱਚਿਆਂ ਲਈ ਕਦੋਂ ਆਵੇਗਾ ਕੋਰੋਨਾ ਦਾ ਟੀਕਾ