ਉੱਤਰ ਪ੍ਰਦੇਸ਼: ਅਮਰੋਹਾ ਰੇਲਵੇ ਸਟੇਸ਼ਨ 'ਤੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੀ ਸ਼ੁਰੂਆਤ ਮੌਕੇ ਇਕ ਪ੍ਰੋਗਰਾਮ ਵੀ ਕਰਵਾਇਆ ਗਿਆ। ਪੀਐਮ ਮੋਦੀ ਦੇ ਵਰਚੁਅਲ ਉਦਘਾਟਨ ਤੋਂ ਪਹਿਲਾਂ ਅਧਿਆਪਕ ਤੇ ਵਿਧਾਇਕ ਹਰੀ ਸਿੰਘ ਢਿੱਲੋਂ ਵੱਲੋਂ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ ਗਏ। ਪ੍ਰੋਗਰਾਮ 'ਚ ਮੌਜੂਦ ਬਸਪਾ ਸਾਂਸਦ ਕੁੰਵਰ ਦਾਨਿਸ਼ ਅਲੀ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਨੂੰ ਲੈ ਕੇ ਵਿਧਾਇਕ ਤੇ ਸੰਸਦ ਮੈਂਬਰ ਵਿਚਾਲੇ ਕਈ ਵਾਰ ਝੜਪ ਹੋਈ। ਬਾਅਦ 'ਚ ਮੌਕੇ 'ਤੇ ਮੌਜੂਦ ਲੋਕਾਂ ਨੇ ਸੰਸਦ ਮੈਂਬਰ ਨੂੰ ਸ਼ਾਂਤ ਕਰਵਾਇਆ। ਇਸ ਮਾਮਲੇ ਨਾਲ ਜੁੜੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇਹ ਪਾਰਟੀ ਪ੍ਰੋਗਰਾਮ ਨਹੀਂ, ਸਰਕਾਰੀ ਕੰਮ ਹੈ: ਐਤਵਾਰ ਨੂੰ ਅਮਰੋਹਾ ਦੇ ਰੇਲਵੇ ਸਟੇਸ਼ਨ 'ਤੇ 'ਅੰਮ੍ਰਿਤ ਭਾਰਤ ਸਟੇਸ਼ਨ' ਯੋਜਨਾ ਤਹਿਤ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਨੇਤਾਵਾਂ ਵਲੋਂ ਜੰਮ ਕੇ ਹੰਗਾਮਾ ਕੀਤਾ ਗਿਆ। ਅਮਰੋਹਾ ਤੋਂ ਬਸਪਾ ਸਾਂਸਦ ਕੁੰਵਰ ਦਾਨਿਸ਼ ਅਲੀ ਵੀ ਇਸ 'ਚ ਹਿੱਸਾ ਲੈਣ ਪਹੁੰਚੇ। ਪ੍ਰੋਗਰਾਮ ਦੀ ਸਟੇਜ 'ਤੇ ਮੌਜੂਦ ਅਮਰੋਹਾ ਨਿਵਾਸੀ ਅਧਿਆਪਕ ਤੇ ਵਿਧਾਇਕ ਹਰੀ ਸਿੰਘ ਢਿੱਲੋਂ ਨੇ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਮੰਚ 'ਤੇ ਬੈਠੇ ਬਸਪਾ ਦੇ ਸੰਸਦ ਮੈਂਬਰ ਕੁੰਵਰ ਦਾਨਿਸ਼ ਅਲੀ ਨੇ ਮੰਚ ਤੋਂ ਹੀ ਇਸ ਦਾ ਵਿਰੋਧ ਕਰਦੇ ਹੋਏ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਕੋਈ ਪਾਰਟੀ ਪ੍ਰੋਗਰਾਮ ਨਹੀਂ ਹੈ, ਇਹ ਸਰਕਾਰੀ ਪ੍ਰੋਗਰਾਮ ਹੈ।
ਹੱਥੋਪਾਈ ਉੱਤੇ ਉਤਰ ਆਏ ਨੇਤਾ: ਮੌਕੇ ’ਤੇ ਮੌਜੂਦ ਆਗੂਆਂ ਨੇ ਸੰਸਦ ਮੈਂਬਰ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਮੰਨੇ। ਝਗੜਾ ਇੰਨਾ ਵੱਧ ਗਿਆ ਕਿ ਬਸਪਾ ਅਤੇ ਭਾਜਪਾ ਵਿਧਾਇਕ ਵਿਚਾਲੇ ਹੱਥੋਪਾਈ ਹੋ ਗਈ। ਇਸ ਤੋਂ ਬਾਅਦ ਭਾਜਪਾ ਵਰਕਰਾਂ ਨੇ ਵੀ ਭਾਰਤ ਮਾਤਾ ਦੀ ਜੈ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਕਾਫੀ ਦੇਰ ਤੱਕ ਹੰਗਾਮਾ ਹੁੰਦਾ ਰਿਹਾ। ਰੇਲਵੇ ਅਧਿਕਾਰੀਆਂ ਅਤੇ ਸਿਵਲ ਪੁਲਿਸ ਨੇ ਮਾਮਲਾ ਸ਼ਾਂਤ ਕੀਤਾ।
ਸਾਂਸਦ ਦਾਨਿਸ਼ ਅਲੀ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ: ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਧਿਆਪਕ ਆਗੂ ਹਰੀ ਸਿੰਘ ਢਿੱਲੋਂ ਨੇ ਕਿਹਾ ਕਿ ਹਰ ਪ੍ਰੋਗਰਾਮ ਵਿੱਚ ਭਾਰਤ ਮਾਤਾ ਦੇ ਜੈ ਨਾਅਰੇ ਲੱਗਦੇ ਰਹੇ ਹਨ, ਇਸ ਵਿੱਚ ਗ਼ਲਤ ਕੀ ਹੈ, ਜੋ ਸੰਸਦ ਮੈਂਬਰ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਰਕਾਰੀ ਪ੍ਰੋਗਰਾਮ ਹੈ। ਅਸੀਂ ਸਾਰੇ ਭਾਰਤ ਦੇ ਹਾਂ, ਤਾਂ ਅਸੀਂ ਭਾਰਤ ਮਾਤਾ ਦੀ ਜੈ ਕਿਉਂ ਨਹੀਂ ਕਹਿ ਸਕਦੇ। ਪ੍ਰਧਾਨ ਮੰਤਰੀ ਵੀ ਭਾਰਤ ਮਾਤਾ ਦੀ ਜੈ ਬੋਲਦੇ ਹਨ। ਇਸ ਮਾਮਲੇ 'ਚ ਅਮਰੋਹਾ ਦੇ ਭਾਜਪਾ ਨੇਤਾ ਅਤੇ ਸਾਬਕਾ ਵਿਧਾਇਕ ਕਮਲ ਮਲਿਕ ਨੇ ਬਸਪਾ ਸਾਂਸਦ ਦਾਨਿਸ਼ ਅਲੀ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਹੈ।