ਮੁੰਬਈ: ਸੰਗੀਤ ਕੰਪਨੀ ਟੀ-ਸੀਰੀਜ਼ ਦੇ ਗੁਲਸ਼ਨ ਕੁਮਾਰ ਕਤਲ ਕੇਸ (Gulshan Kumar murder case) 'ਚ ਬੰਬੇ ਹਾਈ ਕੋਰਟ ਨੇ ਵੀਰਵਾਰ ਨੂੰ ਆਪਣਾ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ ਰਾਉਫ ਮਰਚੈਂਟ ਦੀ ਉਮਰ ਕੈਦ ਦੀ ਸਜਾ ਨੂੰ ਬਰਕਰਾਰ ਰੱਖਿਆ ਹੈ। ਅਦਾਲਤ ਨੇ ਫਿਲਮ ਨਿਰਮਾਤਾ ਰਮੇਸ਼ ਤੌਰਾਨੀ ਨੂੰ ਬਰੀ ਕਰਨ ਦੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਵੀ ਬਰਕਰਾਰ ਰੱਖਿਆ ਹੈ ਅਤੇ ਮਹਾਰਾਸ਼ਟਰ ਸਰਕਾਰ ਦੀ ਤੌਰਾਨੀ ਖਿਲਾਫ਼ ਕੀਤੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਹਾਈ ਕੋਰਟ ਨੇ ਇਕ ਹੋਰ ਮੁਲਜ਼ਮ ਅਬਦੁੱਲ ਰਾਸ਼ਿਦ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਿਸ ਨੂੰ ਹੇਠਲੀ ਅਦਾਲਤ ਨੇ ਬਰੀ ਕਰ ਦਿੱਤਾ ਸੀ। ਮਹਾਰਾਸ਼ਟਰ ਸਰਕਾਰ ਨੇ ਰਾਸ਼ਿਦ ਨੂੰ ਬਰੀ ਕਰਨ ਖਿਲਾਫ਼ ਅਪੀਲ ਦਾਇਰ ਕੀਤੀ ਸੀ। ਹੁਣ ਹਾਈ ਕੋਰਟ ਨੇ ਅਬਦੁੱਲ ਰਾਸ਼ਿਦ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਗੁਲਸ਼ਨ ਕੁਮਾਰ ਨੇ 80 ਦੇ ਦਹਾਕੇ ਵਿੱਚ ਟੀ-ਸੀਰੀਜ਼ ਦੀ ਸਥਾਪਨਾ ਕੀਤੀ ਸੀ। ਕੁਝ ਸਾਲਾਂ 'ਚ ਹੀ ਉਹ ਕੈਸੇਟ ਕਿੰਗ ਬਣ ਗਏ ਸੀ। ਟੀ-ਸੀਰੀਜ਼ ਅੱਜ ਮੋਹਰੀ ਸੰਗੀਤ ਦੀ ਕੰਪਨੀ ਹੈ। ਗੁਲਸ਼ਨ ਕੁਮਾਰ ਵੈਸ਼ਨੋ ਦੇਵੀ ਦੇ ਭਗਤ ਸੀ। ਗੁਲਸ਼ਨ ਕੁਮਾਰ ਦਾ 12 ਅਗਸਤ 1997 ਨੂੰ ਮੁੰਬਈ ਦੇ ਜੁਹੂ ਖੇਤਰ ਵਿੱਚ ਕਤਲ ਕਰ ਦਿੱਤਾ ਗਿਆ ਸੀ। ਗੁਲਸ਼ਨ ਕੁਮਾਰ ਨੂੰ ਮੰਦਰ ਤੋਂ ਬਾਅਦ 16 ਗੋਲੀਆਂ ਮਾਰੀਆਂ ਸੀ। ਇਸ ਕੇਸ ਵਿੱਚ ਬਹੁਤ ਸਾਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਅੰਡਰਵਰਲਡ ਡਾਨ ਅਬੂ ਸਲੇਮ ਨੇ ਗੁਲਸ਼ਨ ਕੁਮਾਰ ਨੂੰ ਮਾਰਨ ਦੀ ਜ਼ਿੰਮੇਵਾਰੀ ਦਾਉਦ ਮਰਚੈਂਟ ਅਤੇ ਵਿਨੋਦ ਜਗਤਾਪ ਨੂੰ ਦਿੱਤੀ ਸੀ। ਵਿਨੋਦ ਜਗਤਾਪ ਨੇ 9 ਜਨਵਰੀ 2001 ਨੂੰ ਇਹ ਕਬੂਲ ਕੀਤਾ ਸੀ ਕਿ ਉਸਨੇ ਗੁਲਸ਼ਨ ਕੁਮਾਰ ਨੂੰ ਗੋਲੀਆਂ ਮਾਰੀਆਂ ਸੀ।
ਪੈਰੋਲ ਤੇ ਬੰਗਲਾਦੇਸ਼ ਭੱਜ ਗਿਆ ਸੀ ਰਾਉਫ ਮਰਚੈਂਟ
ਅਪ੍ਰੈਲ 2002 'ਚ ਗੁਲਸ਼ਨ ਕੁਮਾਰ ਕਤਲ ਕੇਸ 'ਚ ਹੇਠਲੀ ਅਦਾਲਤ ਨੇ ਰਾਉਫ ਮਰਚੈਂਟ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਸਾਲ 2009 'ਚ ਉਹ ਆਪਣੀ ਬੀਮਾਰ ਮਾਂ ਨੂੰ ਮਿਲਣ ਪੈਰੋਲ 'ਤੇ ਬਾਹਰ ਆਇਆ ਸੀ। ਇਸ ਤੋਂ ਬਾਅਦ ਉਹ ਬੰਗਲਾਦੇਸ਼ ਭੱਜ ਗਿਆ ਸੀ। ਬਾਅਦ 'ਚ ਬੰਗਲਾਦੇਸ਼ ਪੁਲਿਸ ਨੇ ਜਾਅਲੀ ਪਾਸਪੋਰਟ ਮਾਮਲੇ 'ਚ ਰਾਉਫ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਰਾਉਫ ਨੂੰ ਬੰਗਲਾਦੇਸ਼ ਤੋਂ ਭਾਰਤ ਲਿਆਂਦਾ ਗਿਆ।
ਇਸ ਕੇਸ 'ਚ ਹਾਈਕੋਰਟ ਵਿੱਚ ਕੁੱਲ ਚਾਰ ਅਪੀਲ ਦਰਜ ਸਨ। ਤਿੰਨ ਅਪੀਲ ਪਟੀਸ਼ਨ ਦੋਸ਼ੀ ਰਾਉਫ ਮਰਚੈਂਟ, ਰਾਕੇਸ਼ ਚੰਚਲਾ ਪਿਨਮ ਅਤੇ ਰਾਕੇਸ਼ ਖੌਕਰ ਨੂੰ ਦੋਸ਼ੀ ਠਹਿਰਾਏ ਜਾਣ ਦੇ ਖਿਲਾਫ਼ ਸੀ, ਜਦੋਂ ਕਿ ਮਹਾਰਾਸ਼ਟਰ ਸਰਕਾਰ ਨੇ ਰਮੇਸ਼ ਤੌਰਾਨੀ ਨੂੰ ਬਰੀ ਕਰਨ ਵਿਰੁੱਧ ਇਕ ਹੋਰ ਅਪੀਲ ਦਾਇਰ ਕੀਤੀ ਸੀ। ਰਮੇਸ਼ ਤੌਰਾਨੀ ਨੂੰ ਕਤਲ ਦੇ ਇਲਜ਼ਾਮ ਦੇ ਦੋਸ਼ ਤੋਂ ਬਰੀ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ:ਫ਼ਰੀਦਾਬਾਦ ਦੇ ਪਿੰਡ ਖੋਰੀ 'ਚ ਮਹਾਪੰਚਾਇਤ ਉਤੇ ਲਾਠੀਚਾਰਜ, ਪੁਲਿਸ 'ਤੇ ਪਥਰਾਅ