ਚੇਨੱਈ: ਤਾਮਿਲਨਾਡੂ ਭਾਜਪਾ ਦੇ ਐਸਸੀ/ਐਸਟੀ ਵਿੰਗ ਦੇ ਕੇਂਦਰੀ ਜ਼ਿਲ੍ਹਾ ਪ੍ਰਧਾਨ ਬਾਲਚੰਦਰਨ ਦੀ ਹੱਤਿਆ ਕਰ ਦਿੱਤੀ ਗਈ ਹੈ। ਮੰਗਲਵਾਰ ਨੂੰ ਚੇਨੱਈ ਦੇ ਚਿੰਤਾਦ੍ਰਿਪੇਟ 'ਚ ਤਿੰਨ ਅਣਪਛਾਤੇ ਹਮਲਾਵਰਾਂ ਨੇ ਭਾਜਪਾ ਨੇਤਾ ਦੀ ਹੱਤਿਆ ਕਰ ਦਿੱਤੀ।
ਸੂਤਰਾਂ ਅਨੁਸਾਰ ਮ੍ਰਿਤਕ ਬਾਲਚੰਦਰਨ ਨੂੰ ਸੂਬਾ ਸਰਕਾਰ ਨੇ ਨਿੱਜੀ ਸੁਰੱਖਿਆ ਅਧਿਕਾਰੀ (ਪੀਐਸਓ) ਮੁਹੱਈਆ ਕਰਵਾਇਆ ਸੀ ਕਿਉਂਕਿ ਉਸ ਦੀ ਜਾਨ ਨੂੰ ਖ਼ਤਰਾ ਸੀ। ਹਾਲਾਂਕਿ ਘਟਨਾ ਸਮੇਂ ਪੀਐਸਓ ਚਾਹ ਪੀਣ ਗਿਆ ਸੀ ਪਰ ਹਮਲਾਵਰਾਂ ਨੇ ਭਾਜਪਾ ਆਗੂ ਦਾ ਕਤਲ ਕਰ ਦਿੱਤਾ। ਪੁਲਿਸ ਮੁਤਾਬਕ ਬਾਈਕ 'ਤੇ ਸਵਾਰ ਤਿੰਨ ਅਣਪਛਾਤੇ ਹਮਲਾਵਰਾਂ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਅਤੇ ਫਿਰ ਮੌਕੇ ਤੋਂ ਫਰਾਰ ਹੋ ਗਏ।
ਬਾਲਚੰਦਰਨ ਦੇ ਕਤਲ 'ਤੇ ਚੇਨਈ ਦੇ ਕਮਿਸ਼ਨਰ ਸ਼ੰਕਰ ਜੀਵਾਲ ਨੇ ਕਿਹਾ, "ਇਹ ਪੁਰਾਣੀ ਦੁਸ਼ਮਣੀ ਨਾਲ ਹੋਇਆ ਕਤਲ ਦਾ ਮਾਮਲਾ ਹੈ। ਘਟਨਾ ਬਾਰੇ ਚਸ਼ਮਦੀਦਾਂ ਨੇ ਦੱਸਿਆ ਹੈ। ਅਸੀਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਹੈ। ਮੈਂ ਇੱਥੇ ਇਹ ਦੇਖਣ ਆਇਆ ਹਾਂ ਕਿ ਕਿਤੇ ਕੋਈ ਚੂਕ ਤਾਂ ਨਹੀਂ ਹੋਈ। ਹਾਲਾਂਕਿ ਇਸ ਮਾਮਲੇ ਦੀ ਪੁਲਿਸ ਜਾਂਚ ਜਾਰੀ ਹੈ। ਪੁਲਿਸ ਅਧਿਕਾਰੀ ਕਤਲ ਵਾਲੀ ਥਾਂ ਦੀ ਸੀਸੀਟੀਵੀ ਫੁਟੇਜ ਨੂੰ ਚੈਕ ਕਰ ਰਹੇ ਹਨ।
ਤਾਮਿਲਨਾਡੂ ਵਿੱਚ ਵਿਰੋਧੀ ਧਿਰ ਦੇ ਨੇਤਾ ਏ.ਆਈ.ਡੀ.ਐਮ.ਕੇ ਦੇ ਈ.ਕੇ ਪਲਾਨੀਸਵਾਮੀ ਨੇ ਤਾਮਿਲਨਾਡੂ ਪੁਲਿਸ ਦੀ ਨਾਕਾਮੀ ਉੱਤੇ ਸਖ਼ਤ ਇਤਰਾਜ਼ ਜਤਾਇਆ ਹੈ। ਪਲਾਨੀਸਵਾਮੀ ਨੇ ਟਵਿੱਟਰ 'ਤੇ ਲਿਖਿਆ, "20 ਦਿਨਾਂ 'ਚ 18 ਕਤਲਾਂ ਦੀ ਖਬਰ ਆਈ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਰਾਜਧਾਨੀ ਨੂੰ ਕਾਤਲ ਸ਼ਹਿਰ 'ਚ ਬਦਲ ਦਿੱਤਾ ਹੈ, ਕਾਨੂੰਨ ਵਿਵਸਥਾ ਢਹਿ ਗਈ ਹੈ ਅਤੇ ਲੋਕਾਂ ਦੀ ਸੁਰੱਖਿਆ ਖਤਰੇ 'ਚ ਹੈ। ਪਤਾ ਨਹੀਂ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਹੈ ਜਾਂ ਕਤਲ ਦੀ ਰਾਜਧਾਨੀ। ਕੀ ਇਹ ਹੈ ਡੀ.ਐਮ.ਕੇ. ਦਾ ਸ਼ਾਸਨ ਮਾਡਲ?
ਇਹ ਵੀ ਪੜ੍ਹੋ: ਗੁੱਸੇ ਵਿੱਚ ਆਈ ਭੀੜ ਨੇ ਪਿੰਜਰੇ 'ਚ ਬੰਦ ਗੁਲਦਾਰ ਨੂੰ ਜ਼ਿੰਦਾ ਸਾੜਿਆ
ਤਾਮਿਲਨਾਡੂ ਭਾਜਪਾ ਦੇ ਉਪ ਪ੍ਰਧਾਨ ਕਰੂ ਨਾਗਾਰਾਜਨ ਨੇ ਕਿਹਾ ਕਿ ਅਸੀਂ (ਭਾਜਪਾ) ਨੇ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਸਾਨੂੰ ਕਿਹਾ ਹੈ ਕਿ ਦੋਸ਼ੀਆਂ ਨੂੰ 48 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ ਜਾਵੇਗਾ, ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਭਾਜਪਾ ਵਿਰੋਧ ਕਰੇਗੀ।
ਏ.ਐਨ.ਆਈ