ਮਲੇਸ਼ੀਆ: ਭਾਰਤ ਦਾ ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਇਕ ਹੁਣ ਮਲੇਸ਼ੀਆ ਵਿੱਚ ਕੋਈ ਭਾਸ਼ਣ ਨਹੀਂ ਦੇ ਸਕੇਗਾ। ਮਲੇਸ਼ੀਆ ਦੀ ਸਰਕਾਰ ਨੇ ਉਸ ਦੇ ਭਾਸ਼ਣ ਦੇਣ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਮਲੇਸ਼ੀਆ ਦੀ ਸਰਕਾਰ ਨੇ ਵਿਵਾਦਗ੍ਰਸਤ ਭਾਰਤੀ ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਇਕ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਉਸ 'ਤੇ ਇਲਜ਼ਾਮ ਲੱਗੇ ਹਨ ਕਿ ਉਸ ਵੱਲੋਂ ਮਲੇਸ਼ੀਆ ’ਚ ਕੁਝ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਸਨ, ਜਿਨ੍ਹਾਂ 'ਤੇ ਡਾਢਾ ਇਤਰਾਜ਼ ਜਤਾਇਆ ਗਿਆ।
ਉਸ ਤੋਂ ਵੀ ਪਹਿਲਾਂ ਮਲੇਸ਼ੀਆ ਦੇ ਬਹੁਤ ਸਾਰੇ ਮੰਤਰੀ ਜ਼ਾਕਿਰ ਨਾਇਕ ਨੂੰ ਦੇਸ਼ ’ਚੋਂ ਬਾਹਰ ਕੱਢਣ ਦੀ ਮੰਗ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਜ਼ਾਕਿਰ ਨਾਇਕ ਨੇ ਆਪਣੇ ਵਿਵਾਦਿਤ ਟਿੱਪਣੀ ਵਿੱਚ ਕਿਹਾ ਸੀ ਕਿ – ‘ਮਲੇਸ਼ੀਆ ’ਚ ਹਿੰਦੂਆਂ ਨੂੰ ਭਾਰਤ ਦੇ ਘੱਟ–ਗਿਣਤੀ ਮੁਸਲਮਾਨਾਂ ਤੋਂ 100 ਗੁਣਾ ਵੱਧ ਅਧਿਕਾਰ ਹਨ।’
ਜ਼ਾਕਿਰ ਨਾਇਕ ਪਿਛਲੇ ਤਿੰਨ ਸਾਲਾਂ ਤੋਂ ਮਲੇਸ਼ੀਆ ’ਚ ਰਹਿ ਰਿਹਾ ਹੈ। ਭਾਰਤ ’ਚ ਉਸ 'ਤੇ ਧਨ ਦੇ ਗ਼ੈਰ–ਕਾਨੂੰਨੀ ਲੈਣ–ਦੇਣ 'ਤੇ ਨਫ਼ਰਤ ਭਰਿਆ ਪ੍ਰਚਾਰ ਕਰਨ ਦੇ ਗੰਭੀਰ ਇਲਜ਼ਾਮ ਹਨ। ਹੁਣ ਮਲੇਸ਼ੀਆ ’ਚ ਵੀ ਜ਼ਾਕਿਰ ਨਾਇਕ 'ਤੇ ਕਾਨੂੰਨੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜਿਸ ਤਰ੍ਹਾਂ ਮਲੇਸ਼ੀਆ ਦੀ ਸਰਕਾਰ ਦੇ ਮੰਤਰੀ ਇਸ ਵੇਲੇ ਉਸ ਦੇ ਵਿਰੁੱਧ ਹੋ ਗਏ ਹਨ; ਇਸ ਤੋਂ ਲੱਗਦਾ ਹੈ ਕਿ ਭਵਿੱਖ ’ਚ ਜ਼ਾਕਿਰ ਨਾਇਕ ਨੂੰ ਮਲੇਸ਼ੀਆ ’ਚੋਂ ਵੀ ਦੇਸ਼–ਨਿਕਾਲਾ ਮਿਲ ਸਕਦਾ ਹੈ। ਮਲੇਸ਼ੀਆ ’ਚ ਧਰਮ 'ਤੇ ਨਸਲ ਬਹੁਤ ਹੀ ਨਾਜ਼ੁਕ ਮਸਲੇ ਹਨ। ਮਲੇਸ਼ੀਆ ਦੀ ਆਬਾਦੀ 3 ਕਰੋੜ 20 ਲੱਖ ਹੈ ਜਿਸ ਵਿੱਚੋਂ 60 ਫ਼ੀਸਦੀ ਮਲਾਇਆ ਮੁਸਲਿਮ ਹਨ। ਬਾਕੀ ਦੇ ਜ਼ਿਆਦਾਤਰ ਚੀਨੀ 'ਤੇ ਭਾਰਤੀ ਮੂਲ ਦੇ ਨਾਗਰਿਕ ਹਨ; ਜਿਨ੍ਹਾਂ ਵਿੱਚੋਂ ਜ਼ਿਆਦਾਤਰ ਹਿੰਦੂ ਹੀ ਹਨ।