ਨਵੀਂ ਦਿੱਲੀ: ਕਾਂਗਰਸ ਦੇ ਯੂਥ ਵਿੰਗ ਨੇ ਸ਼ੁੱਕਰਵਾਰ ਨੂੰ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਰਿਹਾਇਸ਼ ਦੇ ਬਾਹਰ ਰੱਖਿਆ ਮੰਤਰਾਲੇ ਦੀ ਵੈਬਸਾਈਟ ਤੋਂ ਪੂਰਬੀ ਲੱਦਾਖ਼ ਵਿੱਚ ਚੀਨੀ ਘੁਸਪੈਠ ਸੰਬੰਧੀ ਦਸਤਾਵੇਜ਼ ਹਟਾਏ ਜਾਣ ਵਿਰੁੱਧ ਇੱਕ ਵਿਰੋਧ ਪ੍ਰਦਰਸ਼ਨ ਕੀਤਾ।
ਭਾਰਤੀ ਯੂਥ ਕਾਂਗਰਸ ਦੇ ਬੁਲਾਰੇ ਰਾਹੁਲ ਰਾਓ ਨੇ ਕਿਹਾ ਕਿ ਯੂਥ ਕਾਂਗਰਸ ਦਿੱਲੀ ਦੇ ਇੰਚਾਰਜ ਹਰੀਸ਼ ਪਵਾਰ ਦੀ ਅਗਵਾਈ ਵਿੱਚ ਸੰਗਠਨ ਦੇ ਮੈਂਬਰਾਂ ਨੇ ਰੱਖਿਆ ਮੰਤਰਾਲੇ ਦੇ ਇਸ 'ਘੁਟਾਲੇ' ਵਿਰੁੱਧ ਅਕਬਰ ਰੋਡ ਵਿਖੇ ਰੱਖਿਆ ਮੰਤਰੀ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ।
ਰਾਓ ਨੇ ਕਿਹਾ ਕਿ ਪੁਲਿਸ ਨੇ ਯੂਥ ਕਾਂਗਰਸੀ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ, ਹਾਲਾਂਕਿ ਉਨ੍ਹਾਂ ਨੂੰ ਕੁਝ ਸਮੇਂ ਬਾਅਦ ਰਿਹਾਅ ਕਰ ਦਿੱਤਾ ਗਿਆ।
ਉਨ੍ਹਾਂ ਦੋਸ਼ ਲਾਇਆ ਕਿ ਇਹ ਡਿਲੀਟ ਘੁਟਾਲਾ ਨਾਗਰਿਕਾਂ ਦੇ ਮੁੱਢਲੇ ਅਧਿਕਾਰਾਂ ਉੱਤੇ ਹਮਲਾ ਹੈ। ਭਾਰਤ ਇੱਕ ਲੋਕਤੰਤਰੀ ਦੇਸ਼ ਹੈ ਅਤੇ ਇੱਥੋਂ ਦੇ ਲੋਕਾਂ ਨੂੰ ਜਾਣਕਾਰੀ ਪ੍ਰਾਪਤ ਕਰਨ ਦਾ ਮੌਲਿਕ ਅਧਿਕਾਰ ਹੈ ਪਰ ਭਾਜਪਾ ਸਰਕਾਰ ਲੋਕਾਂ ਤੋਂ ਸੱਚਾਈ ਛੁਪਾ ਰਹੀ ਹੈ।
ਹਰੀਸ਼ ਪਵਾਰ ਨੇ ਦਾਅਵਾ ਕੀਤਾ ਕਿ 'ਕੇਂਦਰ ਦੀ ਭਾਜਪਾ ਸਰਕਾਰ ਰਾਸ਼ਟਰ ਦੀ ਚਾਸ਼ਨੀ ਵਿੱਚ ਦੇਸ਼ ਨੂੰ ਗੁੰਮਰਾਹ ਕਰ ਰਹੀ ਹੈ। ਇਨ੍ਹਾਂ ਦਸਤਾਵੇਜ਼ਾਂ ਨੂੰ ਹਟਾਉਣ ਨਾਲ ਸੱਚਾਈ ਨਹੀਂ ਬਦਲੇਗੀ।'
ਦੱਸਣਯੋਗ ਹੈ ਕਿ ਰੱਖਿਆ ਮੰਤਰਾਲੇ ਦੀ ਆਪਣੀ ਵੈੱਬਸਾਈਟ ਉੱਤੇ ਅਪਲੋਡ ਉਨ੍ਹਾਂ ਦਸਤਾਵੇਜ਼ਾਂ ਨੂੰ ਵੀਰਵਾਰ ਨੂੰ ਹਟਾ ਦਿੱਤਾ ਗਿਆ ਜਿਸ ਉੱਤੇ ਅਧਾਰਿਤ ਇੱਕ ਖ਼ਬਰ ਅਖ਼ਬਾਰ ਵਿੱਚ ਪ੍ਰਕਾਸਿ਼ਤ ਹੋਈ। ਖ਼ਬਰ ਦੇ ਮੁਤਾਬਿਕ ਜੂਨ ਮਹੀਨੇ ਦੀ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਨੀ ਫ਼ੌਜੀਆਂ ਦੇ ਇੱਕਤਰਫ਼ਾ ਹਮਲੇ ਤੋਂ ਪੈਦਾ ਹੋਏ ਸਥਿਤੀ ਸੰਵੇਦਨਸ਼ੀਲ ਬਣੀ ਹੋਈ ਹੈ ਜਿਸ ਕਾਰਨ ਰੁਕਾਵਟ ਲੰਬੇ ਸਮੇਂ ਲਈ ਜਾਰੀ ਰਹਿ ਸਕਦੀ ਹੈ।