ਨਵੀਂ ਦਿੱਲੀ: ਕੋਵਿਡ 19 ਗਲੋਬਲ ਮਹਾਂਮਾਰੀ ਦੇ ਮੱਦੇਨਜ਼ਰ ਅੱਜ ਅੰਤਰਰਾਸ਼ਟਰੀ ਯੋਗਾ ਦਿਵਸ ਲੋਕਾਂ ਦੇ ਭਾਰੀ ਇਕੱਠ ਤੋਂ ਬਿਨਾਂ ਡਿਜੀਟਲ ਮੀਡੀਆ ਪਲੇਟਫਰਮਾਂ 'ਤੇ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਦੇਸ਼ ਦੇ ਨਾਂਅ ਸੰਦੇਸ਼ ਦਿੱਤਾ। ਇਸ ਸਾਲ ਦੇ ਯੋਗਾ ਦਿਵਸ ਦਾ ਵਿਸ਼ਾ ਹੈ 'ਘਰ ਵਿੱਚ ਯੋਗ ਅਤੇ ਪਰਿਵਾਰ ਦੇ ਨਾਲ ਯੋਗ'।
ਪੀਐਮ ਮੋਦੀ ਨੇ ਦੇਸ਼ ਵਾਸੀਆਂ ਨੂੰ ਕਿਹਾ, "ਬੱਚੇ, ਬਜ਼ੁਰਗ, ਜਵਾਨ, ਸਾਰੇ ਯੋਗਾ ਰਾਹੀਂ ਇਕੱਠੇ ਹੁੰਦੇ ਹਨ ਤਾਂ ਪੂਰੇ ਘਰ ਵਿੱਚ ਊਰਜਾ ਦਾ ਪ੍ਰਵਾਹ ਹੁੰਦਾ ਹੈ। ਇਸ ਲਈ ਇਸ ਵਾਰ ਯੋਗਾ ਦਿਵਸ, ਭਾਵਨਾਤਮਕ ਯੋਗਾ ਦਾ ਵੀ ਦਿਨ ਹੈ, ਇਹ ਸਾਡੇ ਪਰਿਵਾਰਕ ਸੰਬੰਧ ਨੂੰ ਵਧਾਉਣ ਦਾ ਵੀ ਦਿਨ ਹੈ।
ਪੀਐਮ ਮੋਦੀ ਨੇ ਕਿਹਾ ਕਿ ਯੋਗਾ ਦਿਵਸ ਏਕਤਾ ਦਾ ਦਿਨ ਹੈ। ਜੋ ਸਾਨੂੰ ਨਾਲ ਲਿਆਉਂਦਾ ਉਹ ਹੀ ਤਾਂ ਯੋਗਾ ਹੈ। ਇਸ ਵਾਰ ਯੋਗਾ ਦਿਵਸ ਦਾ ਵਿਸ਼ਾ ਹੈ, 'ਯੋਗ ਐਟ ਹੋਮ', ਅਸੀਂ ਸਮਾਜਿਕ ਦੂਰੀਆਂ ਦੀ ਪਾਲਣਾ ਕਰਦੇ ਹੋਏ ਯੋਗਾ ਕਰਾਂਗੇ।
ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਯੋਗਾ ਲਈ ਉਤਸ਼ਾਹ ਵੱਧ ਰਿਹਾ ਹੈ। ਕੋਰੋਨਾ ਦੇ ਕਾਰਨ ਵਿਸ਼ਵ ਯੋਗਾ ਦੀ ਜ਼ਰੂਰਤ ਨੂੰ ਪਹਿਲਾਂ ਨਾਲੋਂ ਵਧੇਰੇ ਸਮਝ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਸਿਹਤ ਲਈ ਯੋਗਾ ਕਰੋਂ। ਇਹ ਇਮਿਉਨਿਟੀ ਵਧਾਉਣ ਵਿੱਚ ਮਦਦ ਕਰੇਗਾ।
ਜ਼ਿਕਰਯੋਗ ਹੈ ਕਿ ਯੋਗ ਦਿਵਸ ਪਹਿਲੀ ਵਾਰ 21 ਜੂਨ 2015 ਨੂੰ ਦੁਨੀਆ ਭਰ ਵਿੱਚ ਮਨਾਇਆ ਗਿਆ ਸੀ। ਉਦੋਂ ਤੋਂ ਹਰ ਸਾਲ ਇਸ ਦਿਨ ਨੂੰ ਯੋਗਾ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਯੋਗਾ ਦਿਵਸ ਨੂੰ ਡਿਜੀਟਲ ਤਰੀਕੇ ਨਾਲ ਮਨਾਇਆ ਜਾਵੇਗਾ।