ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਕੀਤੀ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬੀਤਿਆ ਵੀਰਵਾਰ ਦਾ ਦਿਨ ਖੇਤੀ ਨਾਲ ਜੁੜੇ ਲੋਕਾਂ ਦੇ ਲਈ 'ਕਾਲਾ ਦਿਨ' ਸੀ।
ਕਿਸਾਨਾਂ ਦੀ ਵਧੇਗੀ ਪਰੇਸ਼ਾਨੀ
'ਆਪ' ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਇਸ ਆਰਡੀਨੈਂਸਾਂ ਦਾ ਵਿਰੋਧ ਕਰ ਰਹੀ ਹੈ। ਜਦੋਂ ਆਲ ਪਾਰਟੀ ਮੀਟਿੰਗ ਹੋਈ ਸੀ ਤਾਂ ਅਕਾਲੀ ਦਲ ਉਸ ਵਿੱਚੋਂ ਗਾਇਬ ਸੀ। 3 ਮਹੀਨੇ ਪਹਿਲਾਂ ਤੱਕ ਇਹ ਆਰਡੀਨੈਂਸ ਬਹੁਤ ਵਧੀਆ ਸਨ। ਪਰ ਜਦੋਂ ਦਬਾਅ ਪਿਆ, ਉਦੋਂ ਉਨ੍ਹਾਂ ਨੂੰ ਸਮਝ ਵਿੱਚ ਆਇਆ ਤੇ ਉਨ੍ਹਾਂ ਨੇ ਆਪਣੇ ਫ਼ੈਸਲਾ ਨੂੰ ਬਦਲਿਆ ਹੈ। ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਇਸ ਆਰਡੀਨੈਂਸਾਂ ਦੇ ਪਾਸ ਹੋ ਜਾਣ ਤੋਂ ਬਾਅਦ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਤੋਂ ਹੱਥ ਧੋਣਾ ਪਵੇਗਾ। ਕਿਸਾਨ ਜਿਸ ਟਰੈਕਟਰ ਉੱਤੇ ਖੇਤਾਂ ਦਾ ਰਾਜਾ ਲਿਖਦਾ ਸੀ ਉਸ ਤੋਂ ਵੀ ਕਿਸਾਨਾਂ ਨੂੰ ਹੱਥ ਧੋਣਾ ਪਵੇਗਾ। ਇਸ ਲਈ ਇਨ੍ਹਾਂ ਆਰਡੀਨੈਂਸਾਂ ਦਾ ਵਿਰੋਧ ਕਰ ਰਹੇ ਹਾਂ।
ਅਸੀਂ ਵਿਰੋਧ ਕੀਤਾ
ਭਗਵੰਤ ਮਾਨ ਨੇ ਕਿਹਾ ਕਿ ਵੀਰਵਾਰ ਨੂੰ ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਮੈਂ ਇਸ ਆਰਡੀਨੈਂਸ ਦਾ ਵਿਰੋਧ ਕੀਤਾ। ਕਾਂਗਰਸ ਵਾਕਆਊਟ ਕਰ ਗਈ। ਪਰ ਜੇਕਰ ਪਾਰਟੀਆਂ ਨੇ ਵਿਰੋਧ ਪ੍ਰਦਰਸ਼ਨ ਕਰਨਾ ਸੀ ਤਾਂ ਉਹ ਉਦੋਂ ਕਰਦੇ ਜਦੋਂ ਇਹ ਆਰਡੀਨੈਂਸ ਕੈਬਿਨੇਟ ਵਿੱਚ ਆਇਆ ਸੀ। ਆਖ਼ਰੀ ਸਮੇਂ ਤੱਕ ਵਿਰੋਧ ਕਰਨ ਦੇ ਬਾਵਜੂਦ ਇਹ ਆਰਡੀਨੈਂਸ ਲੋਕ ਸਭਾ ਵਿੱਚ ਪਾਸ ਹੋ ਗਿਆ।
ਹਰ ਰਾਤ ਤੋਂ ਬਾਅਦ ਸਵੇਰ ਹੁੰਦੀ ਹੈ
ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਹੌਲੀ-ਹੌਲੀ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਖੋਹਣਾ ਚਾਹੁੰਦੀ ਹੈ। ਇਹ ਸਿਰਫ ਖੇਤੀ ਦਾ ਮਾਮਲਾ ਨਹੀਂ ਹੈ। ਇਸ ਨਾਲ ਬਹੁਤ ਸਾਰੇ ਲੋਕ ਜੁੜੇ ਹਨ। ਬਹੁਮਤ ਦਾ ਮਤਲਬ ਇਹ ਨਹੀਂ ਕਿ ਭਾਜਪਾ ਕੁਝ ਵੀ ਕਰੇ। ਹਰ ਰਾਤ ਤੋਂ ਬਾਅਦ ਸਵੇਰ ਹੁੰਦੀ ਹੈ। ਇਹ ਲੋਕ ਵਿਰੋਧੀ ਫ਼ੈਸਲਾ ਹੈ। ਇਹ ਕਿਸਾਨਾਂ ਲਈ ਨੁਕਸਾਨਦੇਹ ਸਿੱਧ ਹੋਵੇਗਾ। ਇਸ ਤੋਂ ਪਹਿਲਾਂ ਟਰੈਕਟਰ-ਟਰਾਲੀ ਦੇ ਪਿੱਛੇ 'ਜੈ ਜਵਾਨ, ਜੈ ਕਿਸਾਨ' ਦੀ ਤਸਵੀਰ ਹੁੰਦੀ ਸੀ। ਹੁਣ 'ਮਰ ਜਵਾਨ, ਮਰ ਕਿਸਾਨ' ਲਿਖਿਆ ਹੋਵੇਗਾ।