ਨਵੀਂ ਦਿੱਲੀ : ਯੈੱਸ ਬੈਂਕ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਸੰਚਾਲਨ ਫ਼ਿਰ ਤੋਂ ਸ਼ੁਰੂ ਕਰ ਦਿੱਤਾ ਹੈ ਅਤੇ ਉਸ ਦੀਆਂ ਸਾਰੀਆਂ ਸੇਵਾਵਾਂ ਹੁਣ ਗਾਹਕਾਂ ਦੇ ਲਈ ਉਪਲੱਭਧ ਹਨ।
ਬੈਂਕ ਨੇ ਟਵੀਟ ਕਰ ਕਿਹਾ ਕਿ ਸਾਡੀਆਂ ਬੈਂਕਿੰਗ ਸੇਵਾਵਾਂ ਹੁਣ ਚਾਲੂ ਹੋ ਗਈਆਂ ਹਨ। ਹੁਣ ਤੁਸੀਂ ਸਾਡੀਆਂ ਸੇਵਾਵਾਂ ਦਾ ਪੂਰਾ ਅਨੁਭਵ ਕਰ ਸਕਦੇ ਹੋ। ਤੁਹਾਡੇ ਭਰੋਸੇ ਅਤੇ ਸਹਿਯੋਗ ਦੇ ਲਈ ਧੰਨਵਾਦ।
ਬੈਂਕਿੰਗ ਸੇਵਾਵਾਂ ਸ਼ੁਰੂ ਹੋਣ ਤੋਂ ਬਾਅਦ 19 ਮਾਰਚ, 2020 ਤੋਂ ਬੈਂਕ ਸਾਰੀਆਂ 1,132 ਸ਼ਾਖਾਵਾਂ ਚਾਲੂ ਹੋ ਜਾਣਗੀਆਂ। ਦੱਸ ਦਈਏ ਕਿ ਸ਼ਨਿਚਰਵਾਰ ਨੂੰ ਸੰਕਟ ਵਿੱਚ ਫ਼ਸੇ ਯੈੱਸ ਬੈਂਕ ਨੂੰ ਉਭਾਰਣ ਦੇ ਲਈ ਪੁਨਰਗਠਨ ਯੋਜਨਾ ਨੂੰ ਸੂਚਿਤ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਯੈੱਸ ਬੈਂਕ ਦੀ ਹਿੱਸੇਦਾਰੀ ਵਿਕਰੀ ਤੋਂ ਨਿੱਜੀ ਬੈਂਕਾਂ ਨੂੰ ਹੋਵੇਗਾ ਲਾਭ
ਦੱਸਣਯੋਗ ਹੈ ਕਿ 5 ਮਾਰਚ ਨੂੰ ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਨੇ ਯੈੱਸ ਬੈਂਕ ਦੇ ਡਾਇਰੈਕਟਰਜ਼ ਬੋਰਡ ਨੂੰ ਭੰਗ ਕਰ ਦਿੱਤਾ ਸੀ। ਬੈਂਕ ਲਈ ਪ੍ਰਬੰਧਕ ਵੀ ਨਿਯੁਕਤ ਕੀਤਾ ਸੀ ਤੇ ਕੇਂਦਰੀ ਬੈਂਕ ਨੇ ਅਗਲੇ ਹੁਕਮਾਂ ਤੱਕ ਬੈਂਕ ਦੇ ਗਾਹਕਾਂ ਲਈ 50,000 ਰੁਪਏ ਕਢਵਾਉਣ ਦੀ ਸੀਮਾ ਨਿਰਧਾਰਤ ਕੀਤੀ ਸੀ।
ਸ਼ੇਅਰਾਂ ਵਿੱਚ 50 ਫ਼ੀਸਦੀ ਦੀ ਛਾਲ
ਯੈੱਸ ਬੈਂਕ ਦੇ ਸ਼ੇਅਰਾਂ ਵਿੱਚ ਬੁੱਧਵਾਰ ਨੂੰ ਲਗਾਤਾਰ ਚੌਥੇ ਕਾਰੋਬਾਰੀ ਸੈਸ਼ਨ ਦੌਰਾ ਤੇਜ਼ੀ ਰਹੀ। ਐੱਸਬੀਆਈ ਨੇ ਕਿਹਾ ਕਿ ਉਹ ਬੈਂਕ ਵਿੱਚ 49 ਫ਼ੀਸਦੀ ਤੱਕ ਦੀ ਹਿੱਸੇਦਾਰੀ ਹਾਸਲ ਕਰਨ ਦੇ ਇਛੁੱਕ ਹੈ, ਜਿਸ ਤੋਂ ਬਾਅਦ ਉਸ ਦੇ ਸ਼ੇਅਰਾਂ ਵਿੱਚ 50 ਫ਼ੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ। ਸ਼ੁਰੂਆਤੀ ਕਾਰੋਬਾਰ ਦੌਰਾਨ ਯੈੱਸ ਬੈਂਕ ਦੇ ਸ਼ੇਅਰ 49.95 ਫ਼ੀਸਦੀ ਵੱਧ ਕੇ 87.95 ਰੁਪਏ ਉੱਤੇ ਪਹੁੰਚ ਗਿਆ।
ਐੱਨਐੱਸਈ ਵਿੱਚ ਯੈੱਸ ਬੈਂਕ ਦੇ ਸ਼ੇਅਰ 48.84 ਫ਼ੀਸਦੀ ਵੱਧ ਕੇ 87.30 ਰੁਪਏ ਦੀਆਂ ਕੀਮਤਾਂ ਉੱਤੇ ਸਨ। ਇਸੇ ਤਰ੍ਹਾਂ 4 ਦਿਨਾਂ ਵਿੱਚ ਸ਼ੇਅਰ 251 ਫ਼ੀਸਦੀ ਵੱਧ ਗਏ ਹਨ। ਇਸ ਤੋਂ ਪਹਿਲਾਂ ਮੂਡੀਜ਼ ਨੇ ਮੰਗਲਵਾਰ ਨੂੰ ਯੈੱਸ ਬੈਂਕ ਦੀ ਰੇਟਿੰਗ ਨੂੰ ਅਪਗ੍ਰੇਡ ਕੀਤਾ ਸੀ, ਜਿਸ ਤੋਂ ਬਾਅਦ ਉਸ ਦੇ ਸ਼ੇਅਰਾਂ ਵਿੱਚ 59 ਫ਼ੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ। ਬੈਂਕ ਦੀ ਪੁਨਰਗਠਨ ਯੋਜਨਾ ਤੋਂ ਬਾਅਦ ਉਸ ਦੇ ਸ਼ੇਅਰਾਂ ਵਿੱਚ ਲਗਾਤਾਰ ਤੇਜ਼ੀ ਹੈ।