ਹਿਮਾਚਲ ਪ੍ਰਦੇਸ਼: ਸੋਲਨ ਜ਼ਿਲ੍ਹੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਆਈਏਐਸ ਅਧਿਕਾਰੀ ਮਹਿਲਾ ਨੂੰ ਮੰਦਿਰ ਵਿੱਚ ਹਵਨ ਯੱਗ ਵਿੱਚ ਬੈਠਣ ਤੋਂ ਰੋਕਿਆ ਗਿਆ ਹੈ। ਦੁਰਗਾ ਆਸ਼ਟਮੀ 'ਤੇ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਸਥਿਤ ਮਾਂ ਸ਼ੂਲਿਨੀ ਦੇ ਦਰਬਾਰ ਵਿੱਚ ਮਹਿਲਾ ਆਈਏਐਸ ਅਫਸਰ ਰਿਤਿਕਾ ਜਿੰਦਲ ਨੂੰ ਹਵਨ ਯੱਗ ਕਰਨ ਤੋਂ ਰੋਕਿਆ ਗਿਆ ਸੀ। ਪੰਡਿਤਾਂ ਨੇ ਤਰਕ ਦਿੱਤਾ ਕਿ ਕੋਈ ਵੀ ਮਹਿਲਾ ਹਵਨ ਵਿੱਚ ਹਿੱਸਾ ਨਹੀਂ ਲੈ ਸਕਦੀ।
'ਹਰ ਮਹਿਲਾ ਨੂੰ ਮਿਲਣਾ ਚਾਹੀਦਾ ਅਧਿਕਾਰ'
ਰਿਤਿਕਾ ਜਿੰਦਲ ਨੇ ਕਿਹਾ ਕਿ ਅਸ਼ਟਮੀ ਨੇ ਦਿਨ ਅਸੀ ਮਹਿਲਾਵਾਂ ਦੇ ਸਨਮਾਨ ਦੀ ਗੱਲ ਤਾਂ ਕਰਦੇ ਹਾਂ ਪਰ ਉਨ੍ਹਾਂ ਨੂੰ ਅਧਿਕਾਰਾਂ ਤੋਂ ਵਾਂਝਾ ਰੱਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਹ ਅਸ਼ਟਮੀ ਦੇ ਦਿਨ ਸਵੇਰੇ ਮੰਦਿਰ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਲੈਣ ਗਈ ਸੀ। ਮੰਦਿਰ ਵਿੱਚ ਮਹਿਲਾਵਾਂ ਨੂੰ ਪ੍ਰਵੇਸ਼ ਅਤੇ ਪੂਜਾ ਕਰਨ 'ਤੇ ਕੋਈ ਰੋਕ ਨਹੀਂ ਹੈ ਪਰ ਉੱਥੇ ਹਵਨ ਯੱਗ ਚੱਲ ਰਿਹਾ ਸੀ। ਉਨ੍ਹਾਂ ਨੇ ਉੱਥੇ ਮੌਜੂਦ ਲੋਕਾਂ ਨੂੰ ਹਵਨ ਵਿੱਚ ਭਾਗ ਲੈਣ ਦੀ ਬੇਨਤੀ ਕੀਤੀ ਪਰ ਉੱਥੇ ਮੌਜੂਦ ਲੋਕਾਂ ਨੇ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਜਦੋਂ ਤੋਂ ਮੰਦਿਰ ਵਿੱਚ ਹਵਨ ਹੋ ਰਿਹਾ ਹੈ, ਉਦੋਂ ਤੋਂ ਕਿਸੇ ਵੀ ਮਹਿਲਾ ਨੂੰ ਹਵਨ ਵਿੱਚ ਬੈਠਣ ਦਾ ਅਧਿਕਾਰ ਨਹੀਂ ਹੈ।
ਇਹ ਕਹਿਣਾ ਹੈ ਮੰਦਿਰ ਦੇ ਪੁਜਾਰੀ ਦਾ
ਸ਼ੂਲਿਨੀ ਮਾਤਾ ਮੰਦਿਰ ਦੇ ਪੁਜਾਰੀ ਰਾਮਸਵਰੂਪ ਸ਼ਰਮਾ ਦਾ ਕਹਿਣਾ ਹੈ ਕਿ ਹਵਨ ਯੱਗ ਵਿੱਚ ਸਿਰਫ ਜੋੜੇ ਨੂੰ ਬੈਠਣ ਦੀ ਪ੍ਰਵਾਨਗੀ ਹੈ। ਜੋੜੇ ਨੂੰ ਹਵਨ ਯੱਗ ਵਿੱਚ ਕੋਈ ਮਨਾਹੀ ਨਹੀਂ ਹੈ ਪਰ ਹਵਨ ਯੱਗ ਵਿੱਚ ਇਕੱਲੀ ਮਹਿਲਾ ਨੂੰ ਬੈਠਣ 'ਤੇ ਮਨਾਹੀ ਹੈ। ਬਾਅਦ ਵਿੱਚ ਆਈਏਐਸ ਅਫਸਰ ਮਹਿਲਾ ਨੂੰ ਹਵਨ ਯੱਗ ਵਿੱਚ ਬੈਠਣ ਦਿੱਤਾ ਗਿਆ ਸੀ ਉੱਥੇ ਹੀ ਹੁਣ ਇਸ ਮਾਮਲੇ ਨੂੰ ਲੈ ਕੇ ਡੀਸੀ ਸੋਲਨ ਦੋਨਾਂ ਪੱਖਾਂ ਦੀ ਗੱਲ ਸੁਣ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਪੰਡਿਤਾਂ ਅਤੇ ਆਈਏਐਸ ਅਫਸਰ ਨਾਲ ਗੱਲ ਕੀਤੀ ਜਾ ਰਹੀ ਹੈ।
ਕੌਣ ਹੈ ਰਿਤਿਕਾ ਜਿੰਦਲ
ਦੱਸ ਦੇਈਏ ਕਿ ਜਿੰਦਲ ਦਾ ਜਨਮ ਸਾਲ 1986 ਵਿੱਚ ਹੋਇਆ। ਉਹ ਪੰਜਾਬ ਦੇ ਮੋਗਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਸਾਲ 2018 ਵਿੱਚ ਉਨ੍ਹਾਂ ਯੂਪੀਐਸਸੀ ਵਿੱਚ 88 ਵਾਂ ਰੈਂਕ ਹਾਸਿਲ ਕੀਤਾ ਸੀ। ਮੌਜੂਦਾ ਸਮੇਂ ਵਿੱਚ ਉਹ ਸੋਲਨ ਵਿੱਚ ਤਹਿਸੀਲਦਾਰ ਦੇ ਅਹੁਦੇ 'ਤੇ ਤਾਇਨਤ ਹੈ।