ਨਵੀਂ ਦਿੱਲੀ: ਕੌਮੀ ਰਾਜਧਾਨੀ ਵਿੱਚ ਕੋਵਿਡ -19 ਦੇ ਮਾਮਲਿਆਂ ਦੀ ਗਿਣਤੀ ਵਿੱਚ ਹੋ ਰਹੇ ਵਾਧੇ ਨੂੰ ਵੇਖਦਿਆਂ ਇਹ ਵਿਚਾਰ ਕੀਤਾ ਜਾ ਰਿਹਾ ਹੈ ਕਿ ਵੱਖਰੇ-ਵੱਖਰੇ ਸਰਦ ਰੁੱਤ ਅਤੇ ਬਜਟ ਸੈਸ਼ਨ ਦੀ ਬਜਾਏ ਇਜਲਾਸ ਇਕੱਠਿਆਂ ਹੀ ਕਰਵਾਇਆ ਜਾਵੇ।
ਸੂਤਰਾਂ ਮੁਤਾਬਕ ਇਸ ਬਾਰੇ ਵਿਚਾਰ ਚਰਚਾ ਚਲ ਰਹੀ ਹੈ, ਅਜੇ ਤੱਕ ਕੋਈ ਵੀ ਆਖ਼ਰੀ ਫੈਸਲਾ ਨਹੀਂ ਲਿਆ ਗਿਆ ਹੈ। ਆਖਰੀ ਫੈਸਲਾ ਲੈਣਾ ਅਜੇ ਬਾਕੀ ਹੈ, ਪਰ ਸੁਝਾਅ ਆਏ ਹਨ ਕਿ ਘੱਟ ਸਮੇਂ ਅੰਦਰ, ਦੋ ਸੈਸ਼ਨਾਂ ਦੀ ਬਜਾਏ, ਇੱਕ ਸਾਂਝਾ ਇਜਲਾਸ ਬੁਲਾਏ ਜਾਣ ਦਾ ਆਯੋਜਨ ਕੀਤਾ ਜਾ ਸਕਦਾ ਹੈ।
ਸੰਸਦ ਦਾ ਸਰਦ ਰੁੱਤ ਇਜਲਾਸ ਆਮ ਤੌਰ 'ਤੇ ਨਵੰਬਰ ਦੇ ਅਖੀਰਲੇ ਹਫ਼ਤੇ ਜਾਂ ਦਸੰਬਰ ਦੇ ਪਹਿਲੇ ਹਫਤੇ ਸ਼ੁਰੂ ਹੁੰਦਾ ਹੈ ਜਦੋਂਕਿ ਬਜਟ ਸੈਸ਼ਨ ਜਨਵਰੀ ਦੇ ਆਖਰੀ ਹਫ਼ਤੇ ਵਿੱਚ ਸ਼ੁਰੂ ਹੁੰਦਾ ਹੈ ਅਤੇ ਆਮ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਂਦਾ ਹੈ।
ਮਹਾਂਮਾਰੀ ਦੇ ਵਿਚਕਾਰ 14 ਸਤੰਬਰ ਤੋਂ ਬੁਲਾਏ ਗਏ ਮਾਨਸੂਨ ਸੈਸ਼ਨ ਦੀ ਮਿਆਦ ਅੱਠ ਦਿਨਾਂ ਤੱਕ ਘਟਾ ਦਿੱਤੀ ਗਈ ਸੀ ਅਤੇ ਸੈਸ਼ਨ 24 ਸਤੰਬਰ ਨੂੰ ਖ਼ਤਮ ਹੋਇਆ। ਇਸ ਸੈਸ਼ਨ ਦੇ ਦੌਰਾਨ, ਅਧਿਕਾਰੀਆਂ ਨੇ ਕੋਵਿਡ -19 ਨਾਲ ਨਜਿੱਠਣ ਲਈ ਵਿਸਤ੍ਰਿਤ ਪ੍ਰਬੰਧ ਕੀਤੇ, ਪਰ ਬਹੁਤ ਸਾਰੇ ਸੰਸਦ ਮੈਂਬਰ ਅਤੇ ਸੰਸਦ ਸਟਾਫ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਸਨ।