ਸ਼੍ਰੀਨਗਰ: ਜੰਮੂ ਕਸ਼ਮੀਰ ਵਿੱਚ ਧਾਰਾ 370 ਦੇ ਖ਼ਤਮ ਕਰਨ ਦੇ ਇਤਿਹਾਸਕ ਫ਼ੈਸਲੇ ਦੇ 7 ਦਿਨਾਂ ਬਾਅਦ ਵੀ ਘਾਟੀ ਵਿੱਚ ਹਾਲਾਤ ਠੀਕ ਹਨ। ਧਾਰਾ 370 ਦੇ ਹਟਣ ਤੋਂ ਬਾਅਦ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਕਸ਼ਮੀਰ 'ਚ ਹਿੰਸਾ ਹੋਣ ਦੇ ਬਿਆਨ ਨੂੰ ਲੈ ਕੇ ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਉਨ੍ਹਾਂ ਨੂੰ ਜਵਾਬ ਦਿੱਤਾ ਹੈ।
ਸਤਿਆਪਾਲ ਮਲਿਕ ਨੇ ਕਿਹਾ ਕਿ ਉਹ ਕਾਂਗਰਸ ਦੇ ਸਾਬਕਾ ਪ੍ਰਧਾਨ ਨੂੰ ਘਾਟੀ ਦਾ ਦੌਰਾ ਕਰਾਉਣਗੇ ਅਤੇ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣ ਲਈ ਉਹ ਜਹਾਜ਼ ਭੇਜਣਗੇ। ਰਾਜਪਾਲ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਆਪਣੀ ਪਾਰਟੀ ਦੇ ਇੱਕ ਆਗੂ ਦੇ ਵਤੀਰੇ ਬਾਰੇ 'ਚ ਸ਼ਰਮਿੰਦਾ ਹੋਣਾ ਚਾਹੀਦਾ ਹੈ ਜਿਹੜੇ ਸੰਸਦ ਵਿੱਚ ਮੁਰਖਾਂ ਵਾਂਗ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ, "ਮੈਂ ਰਾਹੁਲ ਗਾਂਧੀ ਨੂੰ ਇੱਥੇ ਆਉਣ ਲਈ ਸੱਦਾ ਦਿੱਤਾ ਹੈ। ਮੈਂ ਤੁਹਾਡੇ ਲਈ ਜਹਾਜ਼ ਭੇਜਾਂਗਾ ਤਾਕਿ ਤੁਸੀਂ ਹਾਲਾਤ ਦਾ ਜਾਹਿਜ਼ਾ ਲਓ ਤੇ ਤਾਂ ਇਸ ਮੁੱਦੇ 'ਤੇ ਬੋਲਿਓ। ਤੁਸੀਂ ਇੱਕ ਜ਼ਿੰਮੇਵਾਰ ਵਿਅਕਤੀ ਹੋ ਤੇ ਤੁਹਾਨੂੰ ਅਜਿਹੀ ਗੱਲ ਨਹੀਂ ਕਰਨੀ ਚਾਹੀਦੀ।"
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਐਮਰਜੈਂਸੀ ਦੌਰਾਨ ਡੇਢ ਸਾਲ ਤੱਕ ਲੋਕਾਂ ਨੂੰ ਜੇਲ੍ਹਾਂ 'ਚ ਬੰਦ ਕਰ ਦਿੱਤਾ ਸੀ ਪਰ ਕਿਸੇ ਨੇ ਉਸ ਨੂੰ ਤਸੀਹੇ-ਕੈਂਪ ਨਹੀਂ ਕਿਹਾ ਸੀ। ਕੀ ਸੁਰੱਖਿਆ ਵਜੋਂ ਗ੍ਰਿਫਤਾਰੀ ਤਸੀਹੇ-ਕੈਂਪ ਦੇ ਬਰਾਬਰ ਹਨ? ਉਨ੍ਹਾਂ ਨੇ ਕਿਹਾ ਕਿ ਜੰਮੂ ਕਸ਼ਮੀਰ 'ਚ ਧਾਰਾ 370 ਹਟਾਏ ਜਾਣ ਮਗਰੋਂ ਹਿੰਸਾ ਹੋਣ ਦੀਆਂ ਗੱਲਾਂ ਨੂੰ ਕੁਝ ਲੋਕ ਇਸ ਮਾਮਲੇ ਨੂੰ ਹਵਾ ਦੇ ਰਹੇ ਹਨ ਪਰ ਉਹ ਇਸ 'ਚ ਸਫਲ ਨਹੀਂ ਹੋਣਗੇ।
ਜਿਕਰਯੋਗ ਹੈ ਕਿ ਧਾਰਾ 370 ਹਟਣ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਜੰਮੂ-ਕਸ਼ਮੀਰ ਤੋਂ ਹਿੰਸਾ ਦੀਆਂ ਕੁਝ ਖ਼ਬਰਾਂ ਆਈਆਂ ਹਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੁੰ ਪਾਰਦਰਸ਼ੀ ਢੰਗ ਨਾਲ ਇਸ ਮਾਮਲੇ ਤੇ ਚਿੰਤਾ ਪ੍ਰਗਟਾਉਣੀ ਚਾਹੀਦੀ ਹੈ।