ਨਵੀਂ ਦਿੱਲੀ: ਅਫਗਾਨਿਸਤਾਨ ਵਿੱਚ ਅਗਵਾ ਹੋਏ ਸਿੱਖ ਨਿਦਾਨ ਸਿੰਘ ਸਚਦੇਵਾ ਦੀ ਪਤਨੀ ਮੇਹਰਵੰਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਅਤੇ ਪਰਿਵਾਰ ਨੂੰ ਭਾਰਤੀ ਨਾਗਰਿਕਤਾ ਦੇਣ ਦੀ ਬੇਨਤੀ ਕੀਤੀ ਹੈ।
ਨਿਦਾਨ ਸਿੰਘ ਨੂੰ 17 ਜੂਨ ਨੂੰ ਅਫਗਾਨਿਸਤਾਨ ਦੇ ਚਮਕਣੀ ਦੇ ਗੁਰਦੁਆਰਾ ਤਾਲਾ ਸਾਹਿਬ ਤੋਂ ਅਗਵਾ ਕਰ ਲਿਆ ਗਿਆ ਸੀ। ਨਿਦਾਨ ਸਿੰਘ ਅਤੇ ਉਸ ਦਾ ਪਰਿਵਾਰ, ਪਤਨੀ, 2 ਬੇਟੇ ਅਤੇ 3 ਧੀਆਂ ਅਫਗਾਨਿਸਤਾਨ ਵਿੱਚ ਨਾਗਰਿਕ ਅਸ਼ਾਂਤੀ ਕਾਰਨ 1992 ਵਿੱਚ ਭਾਰਤ ਚਲੇ ਗਏ ਸਨ ਅਤੇ ਨਵੀਂ ਦਿੱਲੀ ਵਿੱਚ ਸ਼ਰਨਾਰਥੀ ਵਜੋਂ ਰੁਕੇ ਹੋਏ ਸਨ।
ਹਾਲਾਂਕਿ ਅਗਵਾਕਾਰਾਂ ਦੀ ਪਛਾਣ ਬਾਰੇ ਪਤਾ ਨਹੀਂ ਹੈ, ਪਰ ਪਖਾਟੀਆ ਤਾਲਿਬਾਨ ਦਾ ਕੇਂਦਰ ਹੈ ਅਤੇ ਹੱਕਾਨੀ ਨੈਟਵਰਕ ਵਰਗੇ ਅੱਤਵਾਦੀ ਸਮੂਹਾਂ ਲਈ ਸੁਰੱਖਿਅਤ ਪਨਾਹਗਾਹ ਹੈ। ਨਿਦਾਨ ਪੇਸ਼ੇ ਤੋਂ ਇੱਕ ਰਸੋਈਆ ਹੈ ਅਤੇ ਕਮਿਊਨਿਟੀ ਰਸੋਈ ਲਈ ਖਾਣੇ ਦੇ ਆਰਡਰ ਦੇ ਕੇ ਕਮਾਈ ਕਰਦਾ ਸੀ।
25 ਜੂਨ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਭੇਜੇ ਇੱਕ ਪੱਤਰ ਵਿੱਚ ਮੇਹਰਵੰਤੀ ਨੇ ਲਿਖਿਆ, "ਭਾਰਤ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸਾਨੂੰ ਢੁਕਵੀਂ ਸਹਾਇਤਾ ਪ੍ਰਦਾਨ ਕਰੇ ਅਤੇ ਜਿਵੇਂ ਵੀ ਹੋ ਸਕੇ ਬਣਦੀ ਕਾਰਵਾਈ ਕਰੇ। ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਉਸ ਦੀ ਰਿਹਾਈ ਤੋਂ ਤੁਰੰਤ ਬਾਅਦ ਉਸ ਨੂੰ ਵਾਪਸ ਨਵੀਂ ਦਿੱਲੀ ਲਿਆਂਦਾ ਜਾਵੇ ਅਤੇ ਜਲਦੀ ਤੋਂ ਜਲਦੀ ਸਾਨੂੰ ਭਾਰਤੀ ਨਾਗਰਿਕਤਾ ਦਿੱਤੀ ਜਾਵੇ।"
ਭਾਰਤ ਨੇ ਨਿਦਾਨ ਸਿੰਘ ਦੇ ਅਗਵਾ ਦੀ ਨਿਖੇਧੀ ਕੀਤੀ ਹੈ। ਇੱਕ ਬਿਆਨ ਵਿੱਚ ਵਿਦੇਸ਼ ਮੰਤਰਾਲੇ ਨੇ ਕਿਹਾ, "ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਬਾਹਰੀ ਹਮਾਇਤੀਆਂ ਦੇ ਇਸ਼ਾਰੇ 'ਤੇ ਅੱਤਵਾਦੀਆਂ ਦੁਆਰਾ ਨਿਸ਼ਾਨਾ ਬਣਾਉਣਾ ਅਤੇ ਤਸ਼ੱਦਦ ਕਰਨਾ ਬਹੁਤ ਚਿੰਤਾ ਦਾ ਵਿਸ਼ਾ ਹੈ।"
ਭਾਰਤ ਸਰਕਾਰ ਇਸ ਮੁੱਦੇ 'ਤੇ ਅਫਗਾਨਿਸਤਾਨ ਸਰਕਾਰ ਦੇ ਸੰਪਰਕ ਵਿਚ ਹੈ ਅਤੇ ਉਮੀਦ ਕਰ ਰਹੀ ਹੈ ਕਿ ਅਫਗਾਨਿਸਤਾਨ ਦੀ ਸਰਕਾਰ ਨਿਦਾਨ ਸਿੰਘ ਦੀ ਸੁਰੱਖਿਅਤ ਅਤੇ ਜਲਦੀ ਰਿਹਾਈ ਕਰੇ।
ਅਫਗਾਨਿਸਤਾਨ ਵਿੱਚ ਇਸ ਵੇਲੇ 600 ਤੋਂ ਵੱਧ ਸਿੱਖ ਪਰਿਵਾਰ ਹਨ। ਅਫ਼ਗਾਨਿਸਤਾਨ ਵਿੱਚ 1 ਲੱਖ ਤੋਂ ਵੱਧ ਹਿੰਦੂ ਅਤੇ ਸਿੱਖ ਪਰਿਵਾਰ ਰਹਿੰਦੇ ਸਨ ਪਰ 1990 ਦੇ ਦਹਾਕੇ ਵਿੱਚ ਤਾਲਿਬਾਨ ਦੇ ਆਉਣ ਤੋਂ ਬਾਅਦ ਉਹ ਭਾਰਤ, ਕੈਨੇਡਾ ਅਤੇ ਯੂਰਪੀਅਨ ਦੇਸ਼ਾਂ ਵਿੱਚ ਚਲੇ ਗਏ।