ਚੁਰੂ: ਆਗਰਾ ਵਿੱਚ ਬਣਿਆ ਤਾਜ ਮਹਿਲ ਪਿਆਰ ਦੀ ਇੱਕ ਸੁੰਦਰ ਨਿਸ਼ਾਨੀ ਹੈ। ਸ਼ਾਹਜਹਾਂ ਨੇ ਮੁਮਤਾਜ਼ ਦੀ ਯਾਦ ਵਿੱਚ ਇਸ ਨੂੰ ਬਣਾਇਆ ਸੀ। ਅਜਿਹੇ ਹੀ ਅਮਰ ਪਿਆਰ ਦੀ ਇੱਕ ਹੋਰ ਨਿਸ਼ਾਨੀ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਵਿੱਚ ਵੀ ਹੈ। ਫਰਕ ਸਿਰਫ ਇਨ੍ਹਾ ਹੈ ਕਿ ਇਹ ਪਤਨੀ ਵੱਲੋਂ ਆਪਣੇ ਪਤੀ ਦੀ ਯਾਦ ਵਿੱਚ ਬਣਵਾਇਆ ਗਿਆ ਸੀ। ਪਤੀ ਦੀ ਯਾਦ 'ਚ ਅਜੀਹੀ ਇਮਾਰਤ ਬਣਾਈ ਗਈ, ਜੋ ਹੂ-ਬ-ਹੂ ਤਾਜ ਮਹਿਲ ਵਾਂਗ ਦਿਖਾਈ ਦਿੰਦੀ ਹੈ। ਦੁਧਵਾਖਾਰਾ 'ਚ ਬਣੀ ਇਸ ਇਮਾਰਤ ਨੂੰ ਸੇਠ ਹਜਾਰੀਮਲ ਦੀ ਪਤਨੀ ਸਰਸਵਤੀ ਦੇਵੀ ਤੇ ਉਨ੍ਹਾਂ ਦੇ ਗੋਦ ਲਏ ਪੁੱਤਰ ਨੇ ਬਣਵਾਇਆ ਸੀ। ਇਹ ਇਮਾਰਤ ਲਗਭਗ 70 ਸਾਲ ਪੁਰਾਣੀ ਹੈ।
ਸੰਗਮਰਮਰ ਦੇ ਪੱਥਰਾਂ ਨਾਲ ਬਣੀ ਇਸ ਇਮਾਰਤ ਵਿੱਚ ਪੱਥਰਾਂ ਨੂੰ ਆਪਸ 'ਚ ਜੋੜਨ ਲਈ ਕਿਤੇ ਵੀ ਬੱਜਰੀ ਜਾਂ ਸੀਮੇਂਟ ਦੀ ਵਰਤੋਂ ਨਹੀਂ ਕੀਤੀ ਗਈ ਹੈ। ਇਸ ਦੇ ਨਜ਼ਦੀਕ ਇੱਕ ਧਰਮਸ਼ਾਲਾ ਅਤੇ ਇੱਕ ਖੂਹ ਵੀ ਹੈ, ਤਾਂ ਜੋ ਜੇ ਯਾਤਰੀ ਇੱਥੇ ਠਹਿਰਣ, ਤਾਂ ਉਨ੍ਹਾਂ ਨੂੰ ਕੋਈ ਮੁਸ਼ਕਲ ਨਾ ਆਵੇ। ਇਸ ਇਮਾਰਤ ਦੇ ਅੱਗੇ ਅਤੇ ਪਿਛਲੇ ਪਾਸੇ ਇੱਕ ਬਾਗ਼ ਵੀ ਬਣਾਇਆ ਗਿਆ ਹੈ। ਇਥੇ ਇੱਕ ਸ਼ਿਵ ਮੰਦਰ ਵੀ ਹੈ। ਸਾਵਣ ਦੇ ਮਹੀਨੇ ਅਤੇ ਸ਼ਿਵਰਾਤਰੀ 'ਤੇ ਵੀ ਵਿਸ਼ੇਸ਼ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ।
ਪਿੰਡ ਵਾਲੇ ਇਹ ਵੀ ਕਹਿੰਦੇ ਹਨ ਕਿ ਜਦੋਂ ਸ਼ਿਵਲਿੰਗ ਦੀ ਸਥਾਪਨਾ ਕੀਤੀ ਗਈ ਸੀ, ਭੋਲੇ ਬਾਬੇ ਦਾ ਇੱਤਰ ਨਾਲ ਅਭਿਸ਼ੇਕ ਹੋਇਆ ਸੀ। ਉਹ ਇੱਤਰ ਇਥੇ ਦੀਆਂ ਨਾਲਿਆਂ 'ਚ ਰੁੜ ਗਿਆ ਸੀ, ਜਿਸ ਨੂੰ ਪਿੰਡ ਵਾਸੀਆਂ ਨੇ ਬੋਤਲਾਂ 'ਚ ਭਰ ਕੇ ਆਪਣੇ ਘਰ 'ਚ ਰੱਖ ਲਿਆ ਸੀ। ਇਸ ਤੋਂ ਬਾਅਦ ਤੋਂ ਹੀ ਇਥੇ ਸਾਵਣ ਦੇ ਮਹੀਨੇ 'ਚ ਖ਼ਾਸਕਰ ਸ਼ਿਵਰਾਤਰੀ ਵੇਲੇ ਵਿਸ਼ੇਸ਼ ਪੂਜਾ ਹੁੰਦੀ ਹੈ।
ਇਮਾਰਤ ਦੇ ਪਰਿਸਰ 'ਚ ਹੀ ਸੇਠ ਹਜ਼ਾਰੀਮਲ ਦੀ ਸਮਾਧੀ ਬਣੀ ਹੋਈ ਹੈ। ਇਥੇ ਸੇਠ ਹਜ਼ਾਰੀਮਲ ਤੇ ਉਨ੍ਹਾਂ ਦੀ ਪਤਨੀ ਸਰਸਵਤੀ ਦੇਵੀ ਦੀ ਮੂਰਤੀ ਵੀ ਹੈ। ਇਸ ਇਮਾਰਤ ਦੇ ਗੁੰਬਦ ਬੇਹਦ ਆਕਰਸ਼ਕ ਹੈ। ਇਹ ਮਿੰਨੀ ਤਾਜ ਮਹਿਲ ਸਰਸਵਤੀ ਦੇਵੀ ਤੇ ਸੇਠ ਹਜ਼ਾਰੀਮਲ ਦੇ ਪਿਆਰ ਦਾ ਜ਼ਿੰਦਾ ਪ੍ਰਤੀਕ ਹੈ। ਨਾਲ ਹੀ ਰਾਜਸਥਾਨ ਦੇ ਕਾਰੀਗਰਾਂ ਦੀ ਅਨੋਖੀ ਕਾਰੀਗਿਰੀ ਦਾ ਬਿਹਤਰੀਣ ਨਮੂਨਾ ਹੈ।