ਕਰਨਾਟਕ: ਬੇਲਾਰੀ ਇਲਾਕੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿਵੇਂ ਸਿਹਤ ਵਿਭਾਗ ਦੇ ਕਰਮਚਾਰੀ ਕੋਰੋਨਾ ਨਾਲ ਮਰਨ ਵਾਲੇ ਵਿਅਕਤੀਆਂ ਨੂੰ ਸਮੂਹਿਕ ਰੂਪ ਵਿੱਚ ਦਫ਼ਨਾ ਰਹੇ ਹਨ, ਇਹ ਵੀ ਸਾਫ਼ ਵਿਖਾਈ ਦੇ ਰਿਹਾ ਹੈ ਕਿ ਉਹ ਕਿਵੇਂ ਇਨ੍ਹਾਂ ਲਾਸ਼ਾਂ ਨਾਲ ਅਣਮਨੁੱਖੀ ਵਤੀਰਾ ਕਰ ਕੇ ਸੁੱਟ ਰਹੇ ਹਨ। ਇਸ ਤੋਂ ਪਹਿਲਾਂ ਅਜਿਹੀ ਹੀ ਵੀਡੀਓ ਦਿੱਲੀ ਦੇ ਹਸਪਤਾਲ ਤੋਂ ਵੀ ਸਾਹਮਣੇ ਆਈ ਸੀ।
ਇਸ ਮਾਮਲੇ ਵਿੱਚ ਬਲੇਰੀ ਦੇ ਕਲੈਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦਾ ਕਹਿਣਾ ਹੈ ਕਿ ਇਹ ਵੀਡੀਓ ਕਿਹੜੇ ਇਲਾਕੇ ਦੀ ਹੈ ਅਜੇ ਇਸ ਮੁਤੱਲਕ ਕੁਝ ਵੀ ਕਹਿਣਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ।
ਜ਼ਿਕਰ ਕਰ ਦਈਏ ਕਿ ਕਰਨਾਟਕ ਵਿੱਚ ਕੋਰੋਨਾ ਵਾਇਰਸ ਦੇ 14 ਹਜ਼ਾਰ ਤੋਂ ਜ਼ਿਆਦਾ ਕੇਸ ਆ ਚੁੱਕੇ ਹਨ ਜਿਨ੍ਹਾਂ ਵਿੱਚੋਂ 226 ਦੀ ਮੌਤ ਹੋ ਚੁੱਕੀ ਹੈ।
ਜੇ ਇਸ ਇਲਾਕੇ ਦੀ ਗੱਲ ਕੀਤੀ ਜਾਵੇ ਜਿੱਥੋਂ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਉਸ ਇਲਾਕੇ ਵਿੱਚ 773 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿੱਚੋਂ 23 ਲੋਕਾਂ ਦੀ ਮੌਤ ਹੋ ਚੁੱਕੀ ਹੈ।