ਅਹਿਮਦਾਬਾਦ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦੌਰੇ ਦੇ ਲਈ ਰਵਾਨਾ ਹੋ ਚੁੱਕੇ ਹਨ ਅਤੇ ਸਾਢੇ 11 ਵਜੇ ਤੱਕ ਉਹ ਭਾਰਤ ਪਹੁੰਚ ਜਾਣਗੇ। ਟਰੰਪ ਦੇ ਨਾਲ ਉਨ੍ਹਾਂ ਦੀ ਪਤਨੀ ਮੇਲਾਨੀਆ, ਧੀ ਇਵਾਂਕਾ ਅਤੇ ਜਵਾਈ ਜੈਰੇਡ ਕੁਸ਼ਨਰ ਵੀ ਹਨ।
ਡੋਨਾਲਡ ਟਰੰਪ ਅਹਿਮਦਾਬਾਦ ਪਹੁੰਚਣਗੇ, ਜਿਸ ਤੋਂ ਬਾਅਦ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇੱਕ ਰੋਡ ਸ਼ੋਅ ਕਰਨਗੇ ਅਤੇ ਮੋਟੇਰਾ ਦੇ ਕ੍ਰਿਕਟ ਸਟੇਡੀਅਮ ਵਿੱਚ ‘ਨਮਸਤੇ ਟਰੰਪ ਪ੍ਰੋਗਰਾਮ’ ਵਿੱਚ ਜਨਤਕ ਸਭਾ ਨੂੰ ਸੰਬੋਧਨ ਕਰਨਗੇ।
ਇਸ ਤੋਂ ਬਾਅਦ ਟਰੰਪ ਸਾਬਰਮਤੀ ਆਸ਼ਰਮ ਵਿਖੇ ਕੁਝ ਸਮਾਂ ਬਿਤਾਉਣਗੇ। ਸਾਬਰਮਤੀ ਆਸ਼ਰਮ ਉਹ ਥਾਂ ਹੈ ਜਿੱਥੋਂ ਮਹਾਤਮਾ ਗਾਂਧੀ ਨੇ ਭਾਰਤ ਦੇ ਅਹਿੰਸਾਵਾਦੀ ਆਜ਼ਾਦੀ ਸੰਘਰਸ਼ ਦੀ ਅਗਵਾਈ ਕੀਤੀ ਸੀ।
ਡੋਨਾਲਡ ਟਰੰਪ 24 ਫਰਵਰੀ ਦੀ ਸ਼ਾਮ ਅਹਿਮਦਾਬਾਦ ਤੋਂ ਸਿੱਧਾ ਆਗਰਾ ਦੇ ਤਾਜ ਮਹਿਲ ਦਾ ਦੌਰਾ ਕਰਨ ਲਈ ਪਹੁੰਚਣਗੇ, ਉਨ੍ਹਾਂ ਦੇ ਸਵਾਗਤ ਲਈ ਰਸਤੇ ਵਿੱਚ ਤਿੰਨ ਹਜ਼ਾਰ ਕਲਾਕਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੇ ਦਿਖਾਈ ਦੇਣਗੇ। ਇਸ ਦੌਰਾਨ ਰਾਮਲੀਲਾ, ਰਾਸਲੀਲਾ ਅਤੇ ਨੌਟੰਕੀ ਵਰਗੀਆਂ ਪੇਸ਼ਕਾਰੀਆਂ ਹੋਣਗੀਆਂ। ਇਸ ਤੋਂ ਬਾਅਦ ਉਹ ਦਿੱਲੀ ਲਈ ਰਵਾਨਾ ਹੋਣਗੇ।