ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ ਧਾਰਾ 144 ਲਾਗੂ ਹੋਣ ਦੇ ਚੱਲਦਿਆ ਬਿਨਾਂ ਇਜਾਜ਼ਤ ਤੋਂ ਗੁਰਦੁਆਰਾ ਕੀਰਤਪੁਰ ਸਾਹਿਬ ਤੋਂ ਨਗਰ ਕੀਰਤਨ ਸਜਾਉਣ ਦੇ ਮਾਮਲੇ ਵਿੱਚ ਪੁਲਿਸ ਨੇ 55 ਸਿੱਖ ਸ਼ਰਧਾਲੂਆਂ ਵਿਰੁੱਧ ਮਾਮਲਾ ਦਰਜ ਕੀਤਾ। ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਮਾਮਲੇ ਵਿੱਚ ਦਖ਼ਲ ਦੇਣ ਲਈ ਕਿਹਾ ਸੀ। ਇਸ ਮਾਮਲੇ ਉੱਤੇ ਯੂਪੀ ਦੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਸਾਂਝੀ ਕੀਤੀ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੀਲੀਭੀਤ ਦੇ ਪੁਲਿਸ ਅਧਿਕਾਰੀ ਅਭਿਸ਼ੇਕ ਦੀਕਸ਼ਿਤ ਨੇ ਦੱਸਿਆ ਕਿ ਇਕ ਵਿਸ਼ੇਸ਼ ਕਮਿਊਨਿਟੀ ਦੇ ਲੋਕਾਂ ਨੇ ਬਿਨਾਂ ਆਗਿਆ ਤੋਂ ਸ਼ਹਿਰ ਵਿੱਚ ਕੀਰਤਨ ਕੱਢਿਆ। ਧਾਰਾ 144 ਲਾਗੂ ਹੋਣ ਕਾਰਨ ਲੋਕਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦਸਤਾਰ ਉਤਾਰਨ ਵਾਲੀ ਗੱਲ ਅਫ਼ਵਾਹ ਹੈ ਤੇ ਜੋ ਵੀ ਅਫ਼ਵਾਹ ਫੈਲਾਏਗਾ ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਹੈ ਮਾਮਲਾ
ਦੱਸ ਦਈਏ ਕਿ ਪੂਰਾ ਮਾਮਲਾ 4 ਦਿਨ ਪਹਿਲਾਂ ਜ਼ਿਲ੍ਹੇ ਦੇ ਮਾਧੋਟਾਂਡਾ ਖੇਤਰ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਨੇ ਨਗਰ ਕੀਰਤਨ ਦੀ ਆਗਿਆ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗੀ ਸੀ ਜਿਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਧਾਰਾ 144 ਦਾ ਹਵਾਲਾ ਦਿੰਦਿਆ ਆਗਿਆ ਨਹੀਂ ਦਿੱਤੀ ਤੇ ਪ੍ਰਸ਼ਾਸਨ ਨੇ ਨਾਲ ਹੀ ਕਿਹਾ ਕਿ ਇਹ ਨਗਰ ਕੀਰਤਨ ਨਵੀਂ ਆਗਿਆ ਨੂੰ ਲੈ ਕੇ ਹੈ, ਇਸ ਤੋਂ ਪਹਿਲਾਂ ਕਦੇ ਵੀ ਇਸ ਦੀ ਆਗਿਆ ਨਹੀਂ ਲਈ ਗਈ ਸੀ ਜਿਸ ਕਾਰਨ ਆਗਿਆ ਨਹੀਂ ਦਿੱਤੀ ਗਈ। ਇਸ ਦੇ ਬਾਵਜੂਦ ਲੋਕਾਂ ਨੇ ਬਿਨਾਂ ਆਗਿਆ ਤੋਂ ਨਗਰ ਕੀਰਤਨ ਕੱਢਿਆ। ਇਸ 'ਤੇ ਜ਼ਿਲ੍ਹਾ ਪ੍ਰਸ਼ਾਸਨ ਨੇ 5 ਨਾਮਜ਼ਦ ਤੇ 50 ਅਣਪਛਾਤਿਆਂ ਉੱਤੇ ਸ਼ਾਂਤੀ ਭੰਗ ਕਰਨ ਤੇ ਧਾਰਾ 188 ਦੀ ਉਲੰਘਣਾ ਤਹਿਤ ਮਾਮਲਾ ਦਰਜ ਕਰ ਲਿਆ।
ਇਸ ਤੋਂ ਬਾਅਦ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰਦਿਆ ਆਪਣੀ ਆਪਬੀਤੀ ਸੁਣਾਈ। ਉਨ੍ਹਾਂ ਨੇ ਪੀਲੀਭੀਤ ਪੁਲਿਸ ਉੱਤੇ ਦੋਸ਼ ਲਗਾਏ ਹਨ ਕਿ ਨਗਰ ਕੀਰਤਨ ਵਿੱਚ ਸ਼ਾਮਲ ਸੰਗਤ ਵਿੱਚ ਕੋਈ ਮੁਸਲਿਮ ਤਾਂ ਨਹੀਂ ਸ਼ਾਮਲ ਹੈ, ਇਸ ਦੀ ਜਾਂਚ ਕਰਦਿਆਂ ਪੁਲਿਸ ਨੇ ਉਨ੍ਹਾਂ ਦੀ ਪਗੜੀ ਉਤਰਵਾਈ। ਇਸ ਪੂਰੇ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅੱਦਿਆਨਾਥ ਨੂੰ ਦਖ਼ਲ ਦੇਣ ਲਈ ਕਿਹਾ ਜਿਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ।
ਇਹ ਵੀ ਪੜ੍ਹੋ: ਬਿਨਾਂ ਮਨਜ਼ੂਰੀ ਨਗਰ ਕੀਰਤਨ ਸਜਾਉਣ ਦਾ ਮਾਮਲਾ, ਕੈਪਟਨ ਨੇ UP ਸਰਕਾਰ ਨੂੰ ਦਖ਼ਲ ਦੇਣ ਲਈ ਕਿਹਾ