ਉਜੈਨ: ਯੂਪੀ ਦੇ ਨਾਮੀ ਹਿਸਟਰੀਸ਼ੀਟਰ ਵਿਕਾਸ ਦੁਬੇ ਨੂੰ ਉਜੈਨ ਦੇ ਮਹਾਂਕਾਲ ਮੰਦਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਬਾਬਾ ਮਹਾਂਕਾਲ ਦੇ ਦਰਸ਼ਨ ਲਈ ਜਾਅਲੀ ਆਈਡੀ 'ਤੇ 250 ਰੁਪਏ ਦੀ ਟਿਕਟ ਲਈ ਸੀ, ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਕਾਨਪੁਰ ਐਨਕਾਊਂਟਰ ਦੇ ਸੱਤਵੇਂ ਦਿਨ ਵਿਕਾਸ ਦੂਬੇ ਨੂੰ ਉਜੈਨ ਮਹਾਂਕਾਲ ਮੰਦਰ ਦੇ ਗੇਟ ਨੰਬਰ 8 ਤੋਂ ਗ੍ਰਿਫਤਾਰ ਕੀਤਾ ਗਿਆ। ਵਿਕਾਸ ਦੀ ਗ੍ਰਿਫ਼ਤਾਰੀ ਸਵੇਰ 9.15 ਤੋਂ 9.30 ਦੇ ਵਿਚਕਾਰ ਹੋਈ ਹੈ। ਜਾਣਦੇ ਹਾਂ ਵਿਕਾਸ ਦੂਬੇ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਘਟਨਾਵਾਂ ਦਾ ਸਿਲਸਿਲਾ...
ਦੇਖੋ ਕਿਸ ਤਰ੍ਹਾਂ ਕਾਬੂ ਕੀਤਾ ਗਿਆ ਗੈਂਗਸਟਰ
ਵਿਕਾਸ ਦੁਬੇ ਸਵੇਰੇ 250 ਰੁਪਏ ਦੀ ਟਿਕਟ ਲੈ ਕੇ ਆਪਣੇ ਤਿੰਨ ਸਾਥੀਆਂ ਨਾਲ ਮਹਾਂਕਾਲ ਮੰਦਰ ਪਹੁੰਚਿਆ। ਦਰਸ਼ਨ ਕਰਨ ਦੀ ਕੋਸ਼ਿਸ਼ ਦੌਰਾਨ ਇੱਕ ਸੁਰੱਖਿਆ ਗਾਰਡ ਨੇ ਵਿਕਾਸ ਨੂੰ ਪਛਾਣ ਲਿਆ ਅਤੇ ਉਸ ਤੋਂ ਪੁੱਛ ਗਿੱਛ ਸ਼ੁਰੂ ਕਰ ਦਿੱਤੀ। ਇਸ ਦੌਰਾਨ ਵਿਕਾਸ ਦੂਬੇ ਨੇ ਪੁਲਿਸ ਸਾਹਮਣੇ ਝਗੜਾ ਸ਼ੁਰੂ ਕਰ ਦਿੱਤਾ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਮੈਂ ਕਾਨਪੁਰ ਦਾ ਵਿਕਾਸ ਦੂਬੇ ਹਾਂ। ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਨੇ ਵਿਕਾਸ ਦੂਬੇ ਨੂੰ ਥੱਪੜ ਵੀ ਮਾਰਿਆ।
ਇੰਝ ਪੁਲਿਸ ਨੂੰ ਮਿਲੇ ਇਨਪੁੱਟ
ਮੰਤਰੀ ਮਿਸ਼ਰਾ ਨੇ ਕਿਹਾ ਕਿ ਖ਼ੂਫੀਆ ਇਨਪੁੱਟ ਜਨਤਕ ਨਹੀਂ ਕੀਤੀਆਂ ਜਾਂਦੀਆਂ। ਵਿਕਾਸ ਦੂਬੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਡੀਜੀਪੀ ਨੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ। ਸ਼ਿਵਰਾਜ ਸਿੰਘ ਚੌਹਾਨ ਨੇ ਇਸ ਮਾਮਲੇ 'ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਜਾਣਕਾਰੀ ਦਿੱਤੀ ਸੀ। ਮੱਧ ਪ੍ਰਦੇਸ਼ ਪੁਲਿਸ ਜਲਦੀ ਹੀ ਵਿਕਾਸ ਦੂਬੇ ਨੂੰ ਯੂਪੀ ਪੁਲਿਸ ਦੇ ਹਵਾਲੇ ਕਰੇਗੀ। ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਵਿਕਾਸ ਦੂਬੇ ਨੂੰ ਕਿਸੇ ਅਣਪਛਾਤੀ ਥਾਂ 'ਤੇ ਲੈ ਗਈ ਹੈ।
ਗਵਾਲੀਅਰ ਦੇ ਰਸਤੇ ਕਿੰਝ ਪਹੁੰਚਿਆ ਉਜੈਨ
ਫਰੀਦਾਬਾਦ ਵਿੱਚ ਇੱਕ ਸੀਸੀਟੀਵੀ ਕੈਮਰੇ 'ਚ ਵਿਕਾਸ ਦੂਬੇ ਦੀ ਤਰ੍ਹਾਂ ਦਿਖ ਰਿਹਾ ਇੱਕ ਵਿਅਕਤੀ ਇੱਕ ਆਟੋ ਵਿੱਚ ਬੈਠਾ ਦੇਖਿਆ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਫਰੀਦਾਬਾਦ ਸਣੇ ਦਿੱਲੀ ਐਨਸੀਆਰ ਵਿੱਚ ਜਾਂਚ ਤੇਜ਼ ਕਰ ਦਿੱਤੀ ਸੀ।
ਵਿਕਾਸ ਨੇ ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਇੱਕ ਹੋਟਲ ਵਿੱਚ ਇੱਕ ਕਮਰਾ ਲੈਣ ਦੀ ਕੋਸ਼ਿਸ਼ ਕੀਤੀ, ਜਿੱਥੇ ਆਈਕਾਰਡ ਵਿੱਚ ਸਾਫ਼ ਫੋਟੋਆਂ ਦੀ ਘਾਟ ਕਾਰਨ ਕਮਰਾ ਨਹੀਂ ਮਿਲ ਸਕਿਆ। ਯੂਪੀ ਐਸਟੀਐਫ ਦੀਆਂ ਟੀਮਾਂ ਵੱਲੋਂ ਹੋਟਲ 'ਤੇ ਛਾਪਾ ਮਾਰਨ ਤੋਂ ਪਹਿਲਾਂ ਹੀ ਵਿਕਾਸ ਦੂਬੇ ਫਰਾਰ ਹੋ ਗਿਆ। ਮੰਨਿਆ ਜਾ ਰਿਹਾ ਹੈ ਕਿ ਆਗਰਾ-ਬੰਬੇ ਹਾਈਵੇਅ ਤੋਂ ਹੁੰਦੇ ਹੋਏ ਉਜੈਨ ਪਹੁੰਚਿਆ ਸੀ।