ਨਵੀਂ ਦਿੱਲੀ: ਓਨਾਵ ਰੇਪ ਕੇਸ ਵਿੱਚ ਦੋਸ਼ੀ ਪਾਏ ਗਏ ਭਾਜਪਾ ਤੋਂ ਬਰਖ਼ਾਸਤ ਕੀਤੇ ਜਾ ਚੁੱਕੇ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਸੇਂਗਰ 'ਤੇ 25 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਗਿਆ ਹੈ। ਸਜ਼ਾ ਸੁਣਦੇ ਹੀ ਸੇਂਗਰ ਅਦਾਲਤ ਵਿੱਚ ਜ਼ੋਰ-ਜ਼ੋਰ ਨਾਲ ਰੋਣ ਲੱਗ ਗਿਆ। ਸਜ਼ਾ 'ਤੇ ਅਦਾਲਤ ਵਿੱਚ ਬਹਿਸ ਦੇ ਦੌਰਾਨ ਕੁਲਦੀਪ ਸੇਂਗਰ ਵੱਲੋਂ ਵਕੀਲ ਨੇ ਕਿਹਾ ਕਿ ਉਨ੍ਹਾਂ ਦੀਆਂ 2 ਕੁੜੀਆਂ ਤੇ ਪਤਨੀ ਹਨ ਤੇ ਉਨ੍ਹਾਂ 'ਤੇ ਪਰਿਵਾਰ ਦੀ ਜ਼ਿੰਮੇਵਾਰੀ ਹੈ।
ਕੁਲਦੀਪ ਸਿੰਘ ਸੇਂਗਰ ਨੇ ਅਦਾਲਤ ਨੂੰ ਦੱਸਿਆ ਕਿ ਉਹ ਦਾ ਸਾਰਾ ਪਰਿਵਾਰ ਉਸ ‘ਤੇ ਨਿਰਭਰ ਹੈ। ਸੇਂਗਰ ਦੇ ਵਕੀਲ ਨੇ ਕਿਹਾ ਕਿ ਉਸ ਕੋਲ ਵੀ ਕਰਜ਼ਾ ਹੈ। ਉਸ ਨੇ ਕੁੜੀ ਦੀ ਪੜ੍ਹਾਈ ਲਈ ਕਰਜ਼ਾ ਲਿਆ ਸੀ। ਉੱਥੇ ਹੀ ਪੀੜਤ ਪਰਿਵਾਰ ਨੇ ਸੇਂਗਰ ਨੂੰ ਉਮਰ ਕੈਦ ਦੀ ਸਜਾ ਸੁਣ ਕੇ ਸੰਤੁਸ਼ਟੀ ਜ਼ਾਹਰ ਕੀਤੀ। ਪੀੜਤ ਦੀ ਤਰਫੋਂ ਇਹ ਕਿਹਾ ਗਿਆ ਕਿ ਕੁਲਦੀਪ ਵਿਧਾਇਕ ਹੈ ਤੇ ਉਨ੍ਹਾਂ ਨੇ ਇਸ ਕੇਸ ਵਿੱਚ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ। ਪੀੜਤ ਦੇ ਵਕੀਲ ਨੇ ਕਿਹਾ ਕਿ ਕੁਲਦੀਪ ਸਿੰਘ ਨੂੰ ਵੱਧ ਤੋਂ ਵੱਧ ਸਜਾ ਦਿੱਤੀ ਜਾਣੀ ਚਾਹੀਦੀ ਹੈ। ਇਸ ਸਥਿਤੀ ਵਿੱਚ, ਉਮਰ ਕੈਦ ਬਿਨਾਂ ਕਿਸੇ ਰਾਹਤ ਦੇ ਦਿੱਤੀ ਜਾਣੀ ਚਾਹੀਦੀ ਹੈ।
ਤੀਸ ਹਜ਼ਾਰੀ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦਿਆਂ ਕਿਹਾ ਕਿ ਕੁਲਦੀਪ ਸਿੰਘ ਸੇਂਗਰ ਨੂੰ ਇਕ ਮਹੀਨੇ ਦੇ ਅੰਦਰ 25 ਲੱਖ ਰੁਪਏ ਜ਼ੁਰਮਾਨਾ ਜਮ੍ਹਾ ਕਰਨਾ ਪਵੇਗਾ। ਇਨ੍ਹਾਂ ਵਿਚੋਂ ਪੀੜਤ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਜੇ ਸੇਂਗਰ ਇਹ ਰਕਮ ਜਮ੍ਹਾ ਨਹੀਂ ਕਰਦਾ ਹੈ, ਤਾਂ ਉਸਦੀ ਜਾਇਦਾਦ ਜ਼ਬਤ ਕਰ ਲਈ ਜਾਵੇਗੀ ਅਤੇ ਜ਼ੁਰਮਾਨਾ ਲਾਇਆ ਜਾਵੇਗਾ।
ਪੀੜਤ ਅਤੇ ਉਸ ਦਾ ਪਰਿਵਾਰ ਇੱਕ ਸਾਲ ਲਈ ਦਿੱਲੀ ਮਹਿਲਾ ਕਮਿਸ਼ਨ ਵੱਲੋਂ ਦਿੱਤੇ ਕਿਰਾਏ ਦੇ ਮਕਾਨ ਵਿੱਚ ਰਹਿ ਸਕਣਗੇ। ਯੂਪੀ ਸਰਕਾਰ ਮਕਾਨ ਮਾਲਕ ਨੂੰ ਕਿਰਾਏ ਦੇ ਤੌਰ ਤੇ ਹਰ ਮਹੀਨੇ 15 ਹਜ਼ਾਰ ਰੁਪਏ ਦੇਵੇਗੀ. ਸੀਬੀਆਈ ਪੀੜਤ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਲਈ ਪ੍ਰਬੰਧ ਕਰੇਗੀ ਅਤੇ ਹਰ ਤਿੰਨ ਮਹੀਨਿਆਂ ਬਾਅਦ ਉਨ੍ਹਾਂ ਦੀ ਜਾਨ 'ਤੇ ਆਉਣ ਵਾਲੇ ਖਤਰੇ ਦਾ ਜਾਇਜ਼ਾ ਲਵੇਗੀ।