ਨਵੀਂ ਦਿੱਲੀ: ਮੋਦੀ ਸਰਕਾਰ ਵੱਲੋਂ ਚਲਾਈ ਮੁਹਿੰਮ ਤਹਿਤ ਅੱਜ ਦੋ ਹੋਰ ਕੇਂਦਰੀ ਮੰਤਰੀ ਜੰਮੂ-ਕਸ਼ਮੀਰ ਜਾਣਗੇ। ਕੱਪੜਾ ਮੰਤਰੀ ਸਮ੍ਰਿਤੀ ਇਰਾਨੀ ਰਿਆਸੀ ਜ਼ਿਲ੍ਹੇ ਦੇ ਕੱਟੜਾ ਤੇ ਪੰਥਲ ਇਲਾਕਿਆਂ ਦਾ ਦੌਰਾ ਕਰਨਗੇ ਜਦਕਿ ਰੇਲ ਮੰਤਰੀ ਪਿਊਸ਼ ਗੋਇਲ ਸ੍ਰੀਨਗਰ ਜਾਣਗੇ।
ਜੰਮੂ 'ਚ ਇੱਕ ਰਿਵਿਊ ਮੀਟਿੰਗ 'ਚ ਮੁੱਖ ਸਕੱਤਰ ਬੀਵੀਆਰ ਸੁਬਰਾਮਣੀਅਮ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਜੰਮੂ-ਕਸ਼ਮੀਰ ਦੇ ਵਿਕਾਸ ਲਈ ਕੇਂਦਰ ਦੀਆਂ ਨੀਤੀਆਂ ਬਾਰੇ ਸਮਝਾਉਣ ਲਈ ਮੋਦੀ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ 38 ਕੇਂਦਰੀ ਮੰਤਰੀ ਜੰਮੂ-ਕਸ਼ਮੀਰ ਦੀਆਂ 60 ਵੱਖ-ਵੱਖ ਥਾਂਵਾਂ 'ਤੇ ਜਾ ਕੇ ਲੋਕਾਂ ਨਾਲ ਰਾਬਤਾ ਕਰਨਗੇ।
ਇਹ ਮੰਤਰੀ ਲੋਕਾਂ ਨਾਲ ਗੱਲਬਾਤ ਕਰਨਗੇ ਤੇ ਉਨ੍ਹਾਂ ਦੇ ਵਿਕਾਸ ਲਈ ਕੇਂਦਰ ਵੱਲੋਂ ਚਲਾਈਆਂ ਸਕੀਮਾਂ ਬਾਰੇ ਜਾਣਕਾਰੀ ਦੇਣਗੇ। ਬੀਵੀਆਰ ਸੁਬਰਾਮਣੀਅਮ ਦੱਸਿਆ ਕਿ ਮੰਤਰੀ ਸਿਰਫ਼ ਸ਼ਹਿਰਾਂ ਹੀ ਨਹੀਂ ਜਾਣਗੇ ਸਗੋਂ ਪਿੰਡਾਂ ਦੇ ਲੋਕਾਂ ਨੂੰ ਵੀ ਮਿਲਣਗੇ।
18 ਜਨਵਰੀ ਤੋਂ ਸ਼ੁਰੂ ਹੋਈ ਇਸ ਮੁਹਿੰਮ ਤਹਿਤ ਕੇਂਦਰੀ ਮੰਤਰੀ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸਮੀਰ ਦੇ ਵੱਖ-ਵੱਖ ਜ਼ਿਲ੍ਹਿਆ ਦਾ ਦੌਰਾ ਕਰਨਗੇ। ਇਹ ਪ੍ਰੋਗਰਾਮ 24 ਜਨਵਰੀ ਤੱਕ ਚੱਲੇਗਾ। ਇਸ ਤਹਿਤ ਜੰਮੂ 'ਚ 51 ਤੇ ਸ਼੍ਰੀਨਗਰ 'ਚ 8 ਦੌਰੇ ਹੋਣਗੇ।