ਨਵੀਂ ਦਿੱਲੀ: ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਸਰਕਾਰ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਸ਼ਾਹੀਨ ਬਾਗ਼ ਵਿੱਚ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਇਹ ਢਾਂਚੇਬੱਧੀ ਤਰੀਕੇ ਨਾਲ ਹੋਣਾ ਚਾਹੀਦਾ ਹੈ।
ਕਾਨੂੰਨ ਮੰਤਰੀ ਨੇ ਟਵੀਟ ਕਰ ਕੇ ਕਿਹਾ, "ਸਰਕਾਰ ਸ਼ਾਹੀਨ ਬਾਗ਼ ਦੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਇਹ ਗੱਲਬਾਤ ਢਾਂਚੇ ਵਿੱਚ ਹੋਣੀ ਚਾਹੀਦੀ ਹੈ। ਨਰਿੰਦਰ ਮੋਦੀ ਦੀ ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰਨ ਅਤੇ ਸੀਏਏ ਦੇ ਖ਼ਿਲਾਫ਼ ਉਨ੍ਹਾਂ ਦੇ ਸਾਰੇ ਸ਼ੱਕ ਦੂਰ ਕਰਨ ਲਈ ਤਿਆਰ ਹੈ।"
ਇਹ ਵੀ ਦੱਸ ਦਈਏ ਕਿ ਕੇਂਦਰੀ ਮੰਤਰੀ ਸ੍ਰਮਿਤੀ ਇਰਾਨੀ ਨੇ ਸੋਧੇ ਗਏ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸ਼ਾਹੀਨ ਬਾਗ਼ ਵਿੱਚ ਬੈਠ ਕੇ ਭਾਰਤ ਨੂੰ ਤੋੜਨ ਦੀ ਗੱਲ ਕਰਨਾ ਕਿਸੇ ਵੀ ਭਾਰਤੀ ਦਾ ਸੰਸਕਾਰ ਨਹੀਂ ਹੋ ਸਕਦੇ।
ਜ਼ਿਕਰ ਕਰ ਦਈਏ ਕਿ ਰਾਜਧਾਨੀ ਦੇ ਸ਼ਾਹੀਨ ਬਾਗ਼ ਵਿੱਚ ਸੋਧੇ ਗਏ ਨਾਗਰਿਕਤਾ ਕਾਨੂੰਨ ਦੇ ਖ਼ਿਲਾਫ਼ ਕਈ ਦਿਨਾਂ ਤੋਂ ਪ੍ਰਦਰਸ਼ਨ ਚੱਲ ਰਿਹਾ ਹੈ। ਇਸ ਵੇਲੇ ਦਿੱਲੀ ਦੀਆਂ ਚੋਣਾਂ ਲਈ ਵੀ ਸ਼ਾਹੀਨ ਬਾਗ਼ ਮੁੱਖ ਮੁੱਦਾ ਬਣਿਆ ਹੋਇਆ ਹੈ। ਸਾਰੀਆਂ ਪਾਰਟੀਆਂ ਇਸ ਦਾ ਸਿਆਸੀ ਲਾਹਾ ਲੈਣ ਲਈ ਇੱਕ ਦੂਜੇ ਤੋਂ ਅੱਗੇ ਵਧ ਕੇ ਪੈ ਰਹੀਆਂ ਹਨ।
1 ਫ਼ਰਵਰੀ ਨੂੰ ਸ਼ਾਹੀਨ ਬਾਗ਼ ਵਿੱਚ ਕਪਿਲ ਨਾਂਅ ਦੇ ਵਿਅਕਤੀ ਨੇ ਗੋਲੀ ਚਲਾ ਦਿੱਤਾ ਹਾਲਾਂਕਿ ਬਾਅਦ ਵਿੱਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਇਹ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਇੱਥੇ ਵੀ ਜ਼ਿਕਰ ਕਰ ਦਈਏ ਕਿ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੇ ਪ੍ਰੈਸ ਕਾਨਫ਼ਰੰਸ ਕਰ ਕੇ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਦਿੱਲੀ ਵਿੱਚ 2 ਫ਼ਰਵਰੀ ਨੂੰ ਵੱਡੀ ਗੜਬੜੀ ਕਰਨ ਦੀ ਫਿਰਾਕ ਵਿੱਚ ਹੈ ਤਾਂ ਕਿ ਦਿੱਲੀ ਦੀਆਂ ਚੋਣਾਂ ਟਲ ਜਾਣ।
ਹੁਣ ਦਿੱਲੀ ਵਾਸੀਆਂ ਅਤੇ ਸਿਆਸੀ ਮਾਹਰਾਂ ਦੀ ਨਿਗਾਹਾਂ 11 ਫ਼ਰਵਰੀ ਤੇ ਟਿਕੀਆਂ ਹੋਈਆਂ ਹਨ ਕਿ ਕਿਹੜੀ ਪਾਰਟੀ ਸੱਤਾ ਤੇ ਕਾਬਜ਼ ਹੁੰਦੀ ਹੈ।