ਨਵੀਂ ਦਿੱਲੀ: ਜੰਮੂ ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਮੋਦੀ ਸਰਕਾਰ ਨੇ ਜੰਮੂ 'ਚ ਵਿਕਾਸ ਕਾਰਜਾਂ ਲਈ ਨਵੇਂ ਰਾਹ ਖੋਲਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਮੋਦੀ ਸਰਕਾਰ ਜੰਮੂ ਕਸ਼ਮੀਰ 'ਚ ਵਿਕਾਸ ਕਾਰਜਾਂ ਲਈ ਵੱਡੇ ਪੈਕੇਜ ਦਾ ਐਲਾਨ ਕਰ ਸਕਦੀ ਹੈ, ਅੱਜ ਹੋਣ ਵਾਲੀ ਕੈਬੀਨੇਟ ਬੈਠਕ 'ਚ ਪੈਕੇਜ ਨੂੰ ਮਨਜ਼ੂਰੀ ਮਿਲ ਸਕਦੀ ਹੈ।
ਜਾਣਕਾਰੀ ਅਨੁਸਾਰ ਅੱਜ ਸ਼ਾਮ 4 ਵਜੇ ਦੇ ਕਰੀਬ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬੀਨੇਟ ਦੀ ਬੈਠਕ ਹੋਣੀ ਹੈ ਜਿਸ ਦਾ ਮੁੱਖ ਏਜੰਡਾ ਜੰਮੂ ਕਸ਼ਮੀਰ ਦੇ ਵਿਕਾਸ ਕਾਰਜਾਂ ਲਈ ਵੱਡੇ ਪੈਕਜਾਂ ਦਾ ਐਲਾਨ ਹੋ ਸਕਦਾ ਹੈ। ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਉਸ ਤੋਂ ਵਿਸ਼ੇਸ਼ ਰਾਜ ਦਾ ਦਰਜਾ ਖੋਹ ਲਿਆ ਗਿਆ ਹੈ ਅਤੇ ਹੁਣ ਕਸ਼ਮੀਰ ਰਾਜ ਦੀ ਥਾਂ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਗਿਆ ਹੈ ਅਤੇ ਜਦੋਂ ਤਕ ਜੰਮੂ ਕਸ਼ਮੀਰ 'ਚ ਨਵੀਂ ਸਰਕਾਰ ਨਹੀਂ ਬਣਦੀ ਉਦੋਂ ਤੱਕ ਉੱਥੇ ਦੀ ਕਾਰਜ ਪ੍ਰਣਾਲੀ ਚਲਾਉਣ ਦੀ ਸਾਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੇ ਸਿਰ ਹੋਵੇਗੀ।
ਕੇਂਦਰ ਸਰਕਾਰ ਦੇ ਇਸ ਪੈਕੇਜ ਦਾ ਮੁੱਖ ਉਦੇਸ਼ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਨਾਲ ਨਾਲ ਵਪਾਰ ਨੂੰ ਵਧਾਵਾ ਦੇਣ ਅਤੇ ਕੰਪਨੀਆਂ ਨੂੰ ਨਿਵੇਸ਼ ਲਈ ਸੱਦਾ ਦੇਣਾ ਹੋ ਸਕਦਾ ਹੈ। ਸਿੱਖਿਆ ਦੇ ਖੇਤਰ 'ਚ ਵਧਾਵਾ ਦੇਣਾ ਅਤੇ ਕਸ਼ਮੀਰੀ ਨੌਜਵਾਨਾਂ ਲਈ 50 ਹਜ਼ਾਰ ਨੌਕਰੀਆਂ ਦੇ ਐਲਾਨ ਦੇ ਨਾਲ ਪੁਲਿਸ 'ਚ ਭਰਤੀ ਹੋਣ ਦੇ ਰਾਹ ਨੂੰ ਵੀ ਸੁਖਾਲਾ ਬਣਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ- ਧਾਰਾ 370: ਸੁਪਰੀਮ ਕੋਰਟ ਦਾ ਕੇਂਦਰ ਨੂੰ ਨੋਟਿਸ, ਸੀਤਾਰਾਮ ਯੇਚੁਰੀ ਨੂੰ ਜੰਮੂ ਕਸ਼ਮੀਰ ਜਾਣ ਦੀ ਮਨਜ਼ੂਰੀ
ਜ਼ਿਕਰਯੋਗ ਹੈ ਕਿ 5 ਅਗਸਤ ਨੂੰ ਜੰਮੂ ਕਸਮੀਰ ਤੋਂ ਧਾਰਾ 370 ਹਟਾਏ ਜਾਣ ਦੇ ਨਾਲ ਨਾਲ ਉਸ ਨੂੰ ਰਾਜ ਤੋਂ ਤਬਦੀਲ ਕਰ ਕੇਂਦਰ ਸ਼ਾਸਿਤ ਪ੍ਰਦੇਸ਼ ਆਲਾਨਿਆ ਗਿਆ ਸੀ, ਹੁਣ ਦੇਖਣਾ ਇਹ ਹੋਵੇਗਾ ਕਿ ਅੱਜ ਕੈਬਿਨੇਟ ਦੀ ਬੈਠਕ 'ਚ ਜੰਮੂ ਕਸ਼ਮੀਰ ਦੇ ਵਿਕਾਸ ਕਾਰਜਾਂ ਲਈ ਕੀ ਫ਼ੈਸਲੇ ਲਏ ਜਾਂਦੇ ਹਨ।