ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਕਹਿਰ ਹਰ ਪਾਸੇ ਵੱਧਦਾ ਹੀ ਜਾ ਰਿਹਾ ਹੈ। ਕੋਰੋਨਾ ਵਾਇਰਸ ਨੇ ਸ਼ਾਹੀ ਦੇਸ਼ ਵਿੱਚ ਵੀ ਦਸਤਕ ਦੇ ਦਿੱਤੀ ਹੈ।
ਜਾਣਕਾਰੀ ਮੁਤਾਬਕ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਵੀ ਕੋਵਿਡ-19 ਦਾ ਟੈਸਟ ਪਾਜ਼ੀਟਿਵ ਪਾਇਆ ਗਿਆ ਹੈ। ਜੌਨਸਨ ਵਿੱਚ ਵੀ ਕੋਰੋਨਾ ਦੇ ਕੁੱਝ ਲੱਛਣ ਪਾਏ ਗਏ ਹਨ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਏਕਾਂਤਵਾਸ ਵਿੱਚ ਕਰ ਲਿਆ ਹੈ।
ਇੰਗਲੈਂਡ ਦੇ ਮੁੱਖ ਮੈਡੀਕਲ ਅਫ਼ਸਰ ਪ੍ਰੋ. ਕ੍ਰਿਸ ਵਿੱਟੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੌਨਸਨ ਦਾ ਕੋਰੋਨਾ ਵਾਇਰਸ ਦਾ ਟੈਸਟ ਪਾਜ਼ੀਟਿਵ ਆਇਆ ਹੈ।
ਇਸ ਸਬੰਧੀ ਜੌਨਸਨ ਨੇ ਟਵੀਟ ਕਰਦਿਆਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਮੇਰੇ ਵਿੱਚ ਵੀ ਕੋਰੋਨਾ ਦੇ ਕੁੱਝ ਲੱਛਣ ਪੈਦਾ ਹੋ ਗਏ ਹਨ ਅਤੇ ਮੇਰੇ ਟੈਸਟ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਹੁਣ ਮੈਂ ਏਕਾਂਤਵਾਸ ਵਿੱਚ ਹਾਂ, ਪਰ ਮੈਂ ਵੀਡੀਓ ਕਾਨਫ਼ਰੰਸ ਰਾਹੀਂ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕਰਦਾ ਰਹਾਂਗਾ ਅਤੇ ਅਸੀਂ ਵਾਇਰਸ ਨਾਲ ਆਪਣੀ ਜੰਗ ਜਾਰੀ ਰੱਖਾਂਗੇ।
ਤੁਹਾਨੂੰ ਦੱਸ ਦਈਏ ਕਿ ਹਾਲੇ ਕੁੱਝ ਦਿਨਾਂ ਪਹਿਲਾਂ ਹੀ ਇੰਗਲੈਂਡ ਦੇ ਸ਼ਾਹੀ ਪਰਿਵਾਰ ਵਿੱਚ ਵੀ ਕੋਰੋਨਾ ਨੇ ਦਸਤਕ ਦਿੱਤੀ ਹੈ। ਸ਼ਾਹੀ ਪਰਿਵਾਰ ਦੇ ਵਾਰਿਸ ਪ੍ਰਿੰਸ ਚਾਰਲਸ ਵਿੱਚ ਵੀ ਕੋਰੋਨਾ ਦੇ ਕੁੱਝ ਲੱਛਣ ਪਾਏ ਗਏ ਸਨ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਵੀ ਆਪਣੇ ਆਪੇ ਏਕਾਂਤਵਾਸ ਕਰ ਲਿਆ ਸੀ।
ਤੁਹਾਨੂੰ ਦੱਸ ਦਈਏ ਕਿ ਇੰਗਲੈਂਡ ਵਿੱਚ ਹੁਣ ਤੱਕ 11,600 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹੁਣ ਤੱਕ 578 ਲੋਕਾਂ ਦੀ ਮੌਤ ਹੋ ਚੁੱਕੀ ਹੈ।