ਸਿਰਸਾ: ਪੁਲਿਸ ਵੱਲੋਂ ਨਕਲੀ ਨੋਟ ਤਿਆਰ ਕਰਨ ਵਾਲੇ ਇੱਕ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਦੋਹਾਂ ਮੁਲਜ਼ਮਾਂ ਚੋਂ ਇੱਕ ਸਿਰਸਾ ਤੇ ਦੂਜਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਝੁਨੀਰ ਦਾ ਵਸਨੀਕ ਹੈ।
1 ਲੱਖ ਰੁਪਏ ਦੇ ਨਕਲੀ ਨੋਟ ਬਰਾਮਦ
ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਵੇਂ ਮੁਲਜ਼ਮ ਪ੍ਰਿੰਟਰ ਦਾ ਇਸਤੇਮਾਲ ਕਰਕੇ ਨਕਲੀ ਨੋਟ ਤਿਆਰ ਕਰਦੇ ਸਨ। ਮੁਲਜ਼ਮਾਂ ਕੋਲੋਂ 500 ਦੇ 168 ਨੋਟ ਅਤੇ 2000 ਦੇ 8 ਨੋਟ ਬਰਾਮਦ ਕੀਤੇ ਗਏ ਹਨ।
ਗੁਪਤ ਸੂਚਨਾ 'ਤੇ ਕੀਤੀ ਕਾਰਵਾਈ
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਆਰਯਨ ਚੌਧਰੀ ਨੇ ਦੱਸਿਆ ਕਿ ਪੁਲਿਸ ਨੂੰ ਇਸ ਬਾਰੇ ਗੁਪਤ ਸੂਚਨਾ ਮਿਲੀ ਸੀ। ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਦੋਹਾਂ ਮੁਲਜ਼ਮਾਂ ਨੂੰ ਬੇਗੂ ਰੋਡ 'ਤੇ ਬਣੀ ਇੱਕ ਗੱਤਾ ਫੈਕਟਰੀ ਕੋਲ ਗ੍ਰਿਫ਼ਤਾਰ ਕੀਤਾ ਹੈ। ਦੋਹਾਂ ਮੁਲਜ਼ਮਾਂ ਦੀ ਪਛਾਣ ਸਿਰਸਾ ਦੇ ਵਸਨੀਕ ਬਲਜੀਤ ਅਤੇ ਦੂਜੇ ਮੁਲਜ਼ਮ ਦੀ ਪਛਾਣ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਵਸਨੀਕ ਬੱਬੂ ਵਜੋਂ ਹੋਈ ਹੈ।
ਡੀਐਸਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਵੇਂ ਨਕਲੀ ਨੋਟ ਤਿਆਰ ਕਰਨ ਦਾ ਕੰਮ ਪਿਛਲੇ ਕਈ ਮਹੀਨੀਆਂ ਤੋਂ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਪੁੱਛਗਿੱਛ ਕੀਤੀ ਜਾਵੇਗੀ।