ਚੰਡੀਗੜ੍ਹ: ਕੋਰੋਨਾ ਵਾਇਰਸ ਕਰ ਕੇ ਜਿੱਥੇ ਅੰਤਰਰਾਸ਼ਟਰੀ ਉਡਾਨਾਂ, ਰੇਲ ਗੱਡੀਆਂ ਤੇ ਹੋਰ ਸਿੱਖਿਆਂ ਸੰਸਥਾਨ ਆਦਿ ਪ੍ਰਭਾਵਿਤ ਹੋ ਰਹੇ ਹਨ, ਉੱਥੇ ਹੀ ਇਤਿਹਾਸਕ ਤੇ ਧਾਰਮਿਕ ਮੰਦਿਰਾਂ ਵੱਲੋਂ ਵੀ ਇਸ ਨੂੰ ਲੈ ਕੇ ਸੂਚਨਾ ਜਾਰੀ ਕੀਤੀ ਜਾ ਰਹੀ ਹੈ। ਸ੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ (SMVDSB) ਨੇ ਐਡਵਾਈਜ਼ਰੀ ਜਾਰੀ ਕਰਦਿਆਂ ਪ੍ਰਵਾਸੀ ਭਾਰਤੀਆਂ ਤੇ ਵਿਦੇਸ਼ੀਆਂ ਨੂੰ ਭਾਰਤ ਆਉਣ ਦੇ 28 ਦਿਨ ਬਾਅਦ ਤੱਕ ਮੰਦਿਰ ਨਾ ਆਉਣ ਲਈ ਕਿਹਾ ਹੈ।
ਬੋਰਡ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਾਉਣ ਲਈ ਸਾਵਧਾਨੀ ਵਜੋਂ ਉਪਰੋਕਤ ਕਦਮ ਚੁੱਕੇ ਗਏ ਹਨ। ਮੰਦਰ ਪ੍ਰਸ਼ਾਸਨ ਕਟੜਾ ਤੋਂ ਮਾਂ ਦੇ ਭਵਨ ਤੱਕ ਦੇ ਰਾਹ ਵਿੱਚ ਲੱਗੀ ਬਹੁ ਉਦੇਸ਼ੀ ਆੱਡੀਓ ਪ੍ਰਣਾਲੀ ਰਾਹੀਂ ਕੋਰੋਨਾ ਵਾਇਰਸ ਬਾਰੇ ਜਾਗਰੂਕਤਾ ਫੈਲਾਉਣ ਵਾਲੇ ਸੰਦੇਸ਼ ਪ੍ਰਸਾਰਿਤ ਕਰ ਰਿਹਾ ਹੈ। ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਇਸ ਤੋਂ ਇਲਾਵਾ ਹਰੇਕ ਯਾਤਰੀ ਦਾ ਬਾਣਗੰਗਾ ਤੇ ਹੈਲੀਪੈਡ ਉੱਤੇ ਬੁਖ਼ਾਰ ਦੀ ਜਾਂਚ ਕੀਤੀ ਜਾਵੇਗੀ।
ਦੱਸ ਦਈਏ ਕਿ ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਦੇ ਕਈ ਦੇਸ਼ਾਂ ਵਿੱਚ ਫੈਲ ਗਿਆ ਹੈ। ਭਾਰਤ ਵਿੱਚ ਕੋਰੋਨਾ ਵਾਇਰਸ ਦੇ ਹੁਣ ਤੱਕ 148 ਮਾਮਲੇ ਸਾਹਮਣੇ ਆ ਗਏ ਹਨ ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ ਹੈ। ਜੇ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ 1 ਹੀ ਕੋਰੋਨਾ ਵਾਇਰਸ ਦਾ ਮਾਮਲਾ ਸਾਹਮਣੇ ਆਇਆ ਹੈ।
ਚੀਨ ਵਿੱਚ ਕੁੱਲ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 80,894 ਤੱਕ ਪਹੁੰਚ ਗਈ ਹੈ, ਜਿਸ ਵਿੱਚ 8,056 ਮਰੀਜ਼ਾਂ ਦਾ ਅਜੇ ਇਲਾਜ ਚੱਲ ਰਿਹਾ ਹੈ ਅਤੇ 3,237 ਵਿਅਕਤੀ ਆਪਣੀ ਜਾਨ ਗਵਾਂ ਚੁੱਕੇ ਹਨ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਕਾਰਨ ਪੰਜਾਬ 'ਚ 6 ਹਜ਼ਾਰ ਕੈਦੀਆਂ ਨੂੰ ਛੱਡਣ ਉੱਤੇ ਵਿਚਾਰ: ਜੇਲ੍ਹ ਮੰਤਰੀ