ਨਵੀਂ ਦਿੱਲੀ: 5 ਮਹੀਨੇ ਬੀਤ ਜਾਣ ਮਗਰੋਂ ਹੁਣ ਦਿੱਲੀ ਵਿੱਚ ਮੈਟਰੋ ਸੇਵਾ ਫਿਰ ਤੋਂ ਸ਼ੁਰੂ ਹੋਣ ਜਾ ਰਹੀ ਹੈ। 7 ਸਤੰਬਰ ਤੋਂ ਯੈਲੋ ਲਾਈਨ ਉੱਤੇ ਓਪਰੇਟਿੰਗ ਸ਼ੁਰੂ ਕੀਤੀ ਜਾ ਰਹੀ ਹੈ। ਕੋਰੋਨਾ ਨੂੰ ਲੈ ਕੇ ਸਾਵਧਾਨੀ ਦੇ ਤਮਾਮ ਇੰਤਜ਼ਾਮ ਕੀਤੇ ਜਾ ਚੁੱਕੇ ਹਨ। ਇਨ੍ਹਾਂ ਸਾਰੇ ਇੰਤਜ਼ਾਮਾਂ ਦਾ ਜਾਇਜ਼ਾ ਲੈਣ ਲਈ ਦਿੱਲੀ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਅੱਜ ਰਾਜੀਵ ਚੌਕ ਮੈਟਰੋ ਸਟੇਸ਼ਨ ਪਹੁੰਚੇ।
ਰਾਜੀਵ ਚੌਕ ਮੈਟਰੋ ਸਟੇਸ਼ਨ ਦੇ ਸਿਰਫ਼ 2 ਗੇਟ ਹੀ ਖੌਲੇ ਜਾ ਰਹੇ ਹਨ 7 ਨੰਬਰ ਗੇਟ ਤੇ 6 ਨੰਬਰ ਗੇਟ। 7 ਨੰਬਰ ਗੇਟ ਤੋਂ ਐਂਟਰੀ ਹੋਵੇਗੀ ਤੇ 6 ਨੰਬਰ ਗੇਟ ਤੋਂ ਬਾਹਰ ਨਿਕਲਣ ਦੀ ਵਿਵਸਥਾ ਹੋਵੇਗੀ।
ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਕਿਹਾ ਕਿ ਮੈਟਰੋ ਵਿੱਚ ਯਾਤਰਾ ਦੇ ਦੌਰਾਨ ਮਾਸਕ ਤੋਂ ਲੈ ਕੇ ਥਰਮਲ ਸਕਰੀਨਿੰਗ, ਸਮਾਜਿਕ ਦੂਰੀ ਤੱਕ ਦਾ ਧਿਆਨ ਰਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿੱਚ ਕੱਲ ਤੋਂ ਸਿਰਫ਼ ਯੈਲੋ ਲਾਈਨ ਉੱਤੇ ਯਾਤਰਾ ਸ਼ੁਰੂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿੱਚ ਸਵੇਰੇ ਸ਼ਾਮ 4-4 ਘੰਟੇ ਦੇ ਲਈ ਮੈਟਰੋ ਚਲਾਈ ਜਾਵੇਗੀ। ਕੈਲਾਸ਼ ਗਹਿਲੋਤ ਨੇ ਕਿਹਾ ਕਿ ਅਜਿਹਾ ਇਸ ਕਰਕੇ ਕੀਤਾ ਜਾ ਰਿਹਾ ਹੈ ਤਾਂ ਕਿ ਟ੍ਰੇਨ ਕੋਚ ਨੂੰ ਸੈਨੇਟਾਈਜ਼ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਕੋਰੋਨਾ ਦਾ ਕਹਿਰ ਹੈ ਉਦੋਂ ਤੱਕ ਉਨ੍ਹਾਂ ਲਈ ਹਰ ਦਿਨ ਚਣੌਤੀ ਭਰਿਆ ਹੈ ਪਰ ਹੌਲੀ ਹੌਲੀ 12 ਸਤੰਬਰ ਤੋਂ ਅਸੀਂ ਪੂਰੀ ਤਰ੍ਹਾਂ ਨਾਲ ਮੈਟਰੋ ਨੂੰ ਪਟਰੀ ਤੋਂ ਉਤਾਰ ਦਵਾਂਗੇ। ਕੋਰੋਨਾ ਕਾਲ ਵਿੱਚ ਮੈਟਰੋ ਓਪਰੇਟਿੰਗ ਪੂਰੀ ਤਰ੍ਹਾਂ ਲੋਕਾਂ ਦੇ ਸਹਿਯੋਗ ਉੱਤੇ ਨਿਰਭਰ ਕਰਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਟੌਕਣ ਉੱਤੇ ਪੂਰੀ ਪਾਬੰਦੀ ਰਹੇਗੀ। ਸਿਰਫ਼ ਕਾਰਡ ਦੇ ਜ਼ਰੀਏ ਹੀ ਲੋਕ ਯਾਤਰਾ ਕਰ ਸਕਣਗੇ। ਦਿੱਲੀ ਮੈਟਰੋ ਵੱਲੋਂ ਵੀ ਯਾਤਰੀਆਂ ਨੂੰ ਗਾਈਡਲਾਈਨ ਜਾਰੀ ਕੀਤੀ ਗਈ ਹੈ।