ਨਵੀਂ ਦਿੱਲੀ: ਰਾਸ਼ਟਰੀ ਰਾਜਮਾਰਗਾਂ ਦੇ ਟੋਲ ਪਲਾਜ਼ਾ 'ਤੇ ਗੱਡੀਆਂ ਦੀ ਲੰਬੀ ਕਤਾਰ ਤੋਂ ਛੁਟਕਾਰਾ ਪਾਉਣ ਲਈ ਫ਼ਾਸਟੈਗ ਸਿਸਟਮ ਦੇਸ਼ਭਰ ਵਿੱਚ ਅੱਜ ਸਵੇਰੇ 8 ਵਜੇ ਤੋਂ ਲਾਗੂ ਹੋ ਗਿਆ ਹੈ। ਹਾਲਾਂਕਿ ਕੇਂਦਰ ਸਰਕਾਰ ਨੇ ਹੁਣ ਤੱਕ ਸਾਰਿਆਂ ਗੱਡੀਆਂ ਦੇ ਆਰਐਫਆਈ ਅਧਾਰਿਤ ਫਾਸਟੈਗ ਜਾਰੀ ਨਾ ਹੋਣ ਕਾਰਣ ਥੋੜੀ ਰਾਹਤ ਦਿੱਤੀ ਹੈ। ਸੜਕ, ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦਾ ਕਹਿਣਾ ਹੈ ਕਿ ਦੇਸ਼ ਦੀਆਂ ਘੱਟੋ ਘੱਟ 75 ਫੀਸਦ ਟੋਲ ਲੇਨਾਂ ਨੂੰ ਇਲੈਕਟ੍ਰਾਨਿਕ ਢੰਗ ਨਾਲ ਇਕੱਠਾ ਕੀਤਾ ਜਾਣਾ ਚਾਹੀਦਾ ਹੈ।
ਮੰਤਰਾਲੇ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐਨਐਚਏਆਈ) ਨੂੰ ਅਗਲੇ 30 ਦਿਨਾਂ ਤੱਕ ਇਸ ਵਿਵਸਥਾ ਨੂੰ ਬਣਾਏ ਰੱਖਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਜੁਲਾਈ ਵਿੱਚ ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐਨਐਚਏਆਈ) ਨੂੰ ਇੱਕ ਪੱਤਰ ਲਿਖਿਆ ਸੀ ਅਤੇ ਸਾਰੀਆਂ ਟੋਲ ਲੇਨਾਂ ਨੂੰ 1 ਦਸੰਬਰ ਤੱਕ ਫਾਸਟੈਗ ਲੇਨਾਂ ਵਿੱਚ ਤਬਦੀਲ ਕਰਨ ਦੇ ਹੁਕਮ ਦਿੱਤੇ ਗਏ ਸਨ। 29 ਨਵੰਬਰ ਨੂੰ ਮੰਤਰਾਲੇ ਨੇ ਇਸ ਪ੍ਰਬੰਧ ਵਿੱਚ 2 ਹਫ਼ਤੇ ਹੋਰ ਰਾਹਤ ਦਿੱਤੀ ਅਤੇ ਇਸ ਪ੍ਰਣਾਲੀ ਨੂੰ 15 ਦਸੰਬਰ ਤੋਂ ਲਾਗੂ ਕਰਨ ਲਈ ਕਿਹਾ ਸੀ।
ਪਹਿਲਾਂ ਇਹ ਵੀ ਫੈਸਲਾ ਲਿਆ ਗਿਆ ਸੀ ਕਿ ਟੋਲ ਪਲਾਜ਼ਾ 'ਤੇ ਇੱਕ ਲੇਨ ਨੂੰ ਟੋਲ-ਮੁਕਤ ਵਾਹਨਾਂ ਦੀ ਆਵਾਜਾਈ ਅਤੇ ਓਵਰਸਾਈਜ਼ ਵਾਹਨਾਂ ਲਈ ਹਾਈਬ੍ਰਿਡ (ਮੈਨੂਅਲ ਅਤੇ ਫਾਸਟੈਗ ਦੋਵਾਂ ਤੋਂ ਵਸੂਲੀ) ਦੇ ਤੌਰ' ਤੇ ਰੱਖਿਆ ਜਾਵੇਗਾ। 15 ਦਸੰਬਰ ਤੋਂ ਫਾਸਟੈਗ ਸਿਸਟਮ ਲਾਗੂ ਹੋਣ ਤੋਂ ਪਹਿਲਾਂ ਹੁਣ ਤੱਕ 80 ਲੱਖ ਟੈਗ ਵੰਡੇ ਜਾ ਚੁੱਕੇ ਹਨ। ਅੰਕੜਿਆਂ ਅਨੁਸਾਰ ਇਸ ਸਾਲ ਦੇ ਸ਼ੁਰੂ ਵਿਚ ਰਾਸ਼ਟਰੀ ਰਾਜਮਾਰਗਾਂ 'ਤੇ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ 25 ਫੀਸਦ ਸੀ, ਜੋ ਹੁਣ 40 ਫੀਸਦ ਹੋ ਗਈ ਹੈ।