ਨਵੀਂ ਦਿੱਲੀ: ਨਿਰਭਯਾ ਸਮੂਹਿਕ ਜਬਰ-ਜਨਾਹ ਅਤੇ ਕਤਲ ਮਾਮਲੇ ਦੇ ਦੋਸ਼ੀਆਂ ਲਈ ਸਾਰੇ ਵਿਕਲਪ ਹੁਣ ਖ਼ਤਮ ਹੋ ਚੁੱਕੇ ਹਨ ਜਿਸ ਤੋਂ ਬਾਅਦ ਤਿਹਾੜ ਪ੍ਰਸ਼ਾਸਨ ਦੋਸ਼ੀਆਂ ਦੇ ਨਵੇਂ ਡੈੱਥ ਵਾਰੰਟ ਲਈ ਪਟਿਆਲਾ ਹਾਊਸ ਕੋਰਟ ਪਹੁੰਚ ਗਿਆ ਹੈ।
ਅਜਿਹੀ ਚਰਚਾ ਹੈ ਕਿ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵੀਰਵਾਰ ਨੂੰ ਦੁਪਹਿਰ 2 ਵਜੇ ਫਾਂਸੀ ਦੀ ਨਵੀਂ ਤਾਰੀਕ ਤੈਅ ਕਰ ਸਕਦਾ ਹੈ। ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਅਦਾਲਤ ਨੂੰ ਦੱਸਿਆ ਕਿ ਨਿਰਭਯਾ ਦੇ ਦੋਸ਼ੀਆਂ ਦੇ ਸਾਰੇ ਵਿਕਲਪ ਖ਼ਤਮ ਹੋ ਚੁੱਕੇ ਹਨ।
ਕਿਸੇ ਵੀ ਦੋਸ਼ੀ ਦੀ ਕੋਈ ਪਟੀਸ਼ਨ ਪੈਂਡਿੰਗ ਨਹੀਂ ਹੈ, ਅਜਿਹੀ ਸਥਿਤੀ ਵਿੱਚ ਨਵਾਂ ਡੈੱਥ ਵਾਰੰਟ ਜਾਰੀ ਕਰਨਾ ਚਾਹੀਦਾ ਹੈ। ਅਦਾਲਤ ਨੇ ਦੋਸ਼ੀਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ, ਭਲਕੇ 2 ਵਜੇ ਇਸ ਮਾਮਲੇ ਉੱਤੇ ਸੁਣਵਾਈ ਹੋਵੇਗੀ।
ਇਸ ਤੋਂ ਪਹਿਲਾਂ ਨਿਰਭਯਾ ਦੇ ਚੌਥੇ ਦੋਸ਼ੀ ਪਵਨ ਗੁਪਤਾ ਦੀ ਰਹਿਮ ਦੀ ਅਪੀਲ ਨੂੰ ਵੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਖਾਰਜ ਕਰ ਦਿੱਤਾ ਸੀ। ਬਾਕੀ ਤਿੰਨ ਮੁਲਜ਼ਮਾਂ ਦੀਆਂ ਰਹਿਮ ਪਟੀਸ਼ਨਾਂ ਪਹਿਲਾਂ ਹੀ ਖਾਰਜ ਕਰ ਦਿੱਤੀਆਂ ਗਈਆਂ ਹਨ।
ਸੋਮਵਾਰ ਨੂੰ ਪਟਿਆਲਾ ਹਾਊਸ ਕੋਰਟ ਨੇ ਨਿਰਭਯਾ ਸਮੂਹਿਕ ਜਬਰ ਜਨਾਹ ਤੇ ਕਤਲ ਦੇ ਸਾਰੇ ਦੋਸ਼ੀਆਂ ਦੀ ਫਾਂਸੀ ਉੱਤੇ ਰੋਕ ਲਗਾ ਦਿੱਤੀ ਸੀ। ਸਾਰੇ ਦੋਸ਼ੀਆਂ ਨੂੰ 3 ਮਾਰਚ ਦੀ ਸਵੇਰ ਫਾਂਸੀ ਦਿੱਤੀ ਜਾਣੀ ਸੀ।
ਫਾਂਸੀ ਦੀ ਸਜ਼ਾ ਨੂੰ ਪਟਿਆਲਾ ਹਾਊਸ ਕੋਰਟ ਨੇ ਇਸ ਲਈ ਟਾਲ ਦਿੱਤਾ ਸੀ ਕਿਉਂਕਿ ਦੋਸ਼ੀ ਪਵਨ ਦੀ ਰਹਿਮ ਪਟੀਸ਼ਨ ਰਾਸ਼ਟਰਪਤੀ ਕੋਲ ਪੈਂਡਿੰਗ ਸੀ। ਬੁੱਧਵਾਰ ਨੂੰ ਰਾਸ਼ਟਰਪਤੀ ਨੇ ਚੌਥੇ ਦੋਸ਼ੀ ਪਵਨ ਗੁਪਤਾ ਦੀ ਅਪੀਲ ਵੀ ਖਾਰਜ ਕਰ ਦਿੱਤੀ । ਅਜਿਹੀ ਸਥਿਤੀ ਵਿੱਚ ਫਾਂਸੀ ਦੇਣ ਤੋਂ ਪਹਿਲਾਂ ਸਾਰੇ ਵਿਕਲਪ ਦੋਸ਼ੀਆਂ ਕੋਲ ਖਤਮ ਹੋ ਗਏ ਹਨ।