ਨਵੀਂ ਦਿੱਲੀ: 8 ਨਵੰਬਰ ਦਾ ਦਿਨ ਦੇਸ਼ ਦੀ ਅਰਥ ਵਿਵਸਥਾ ਦੇ ਇਤਿਹਾਸ ਵਿੱਚ ਇੱਕ ਵਿਸ਼ੇਸ਼ ਦਿਨ ਵਜੋਂ ਦਰਜ ਹੈ। ਇਹ ਉਹ ਦਿਨ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਤ 8 ਵਜੇ ਦੂਰਦਰਸ਼ਨ ਰਾਹੀਂ ਦੇਸ਼ ਨੂੰ ਸੰਬੋਧਨ ਕਰਦਿਆਂ 500 ਅਤੇ 1000 ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਸੀ।
ਨੋਟਬੰਦੀ ਦਾ ਇਹ ਐਲਾਨ ਉਸੇ ਦਿਨ ਅੱਧੀ ਰਾਤ ਤੋਂ ਲਾਗੂ ਹੋ ਗਿਆ। ਇਸ ਫ਼ੈਸਲੇ ਨਾਲ ਦੇਸ਼ ਵਿੱਚ ਮਾਹੌਲ ਕਾਫ਼ੀ ਗ਼ਰਮਾਇਆ ਵੀ ਰਿਹਾ ਤੇ ਆਮ ਜਨਤਾ ਲਈ ਪਰੇਸ਼ਾਨੀ ਦਾ ਕਾਰਨ ਵੀ ਬਣਿਆ। 500-1000 ਦੇ ਪੁਰਾਣੇ ਨੋਟ ਬਦਲਾਉਣ ਲਈ ਬੈਂਕਾਂ ਅੱਗੇ ਲੋਕਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਸੀ। ਬਾਅਦ ਵਿੱਚ 500 ਅਤੇ 2000 ਦੇ ਨਵੇਂ ਨੋਟ ਜਾਰੀ ਕੀਤੇ ਗਏ। ਇਸ ਲੜੀਵਾਰ ਤਹਿਤ ਬਾਅਦ ਵਿੱਚ 200, 100, 50 ਅਤੇ 10 ਰੁਪਏ ਦੇ ਨਵੇਂ ਨੋਟ ਵੀ ਜਾਰੀ ਕੀਤੇ ਗਏ ਸਨ।
ਸਰਕਾਰ ਨੇ ਐਲਾਨ ਕੀਤਾ ਕਿ ਉਨ੍ਹਾਂ ਨੇ ਦੇਸ਼ ਵਿੱਚ ਕਾਲੇ ਧਨ ਅਤੇ ਜਾਅਲੀ ਕਰੰਸੀ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਇਹ ਕਦਮ ਚੁੱਕਿਆ ਹੈ। ਇਸ ਤੋਂ ਪਹਿਲਾਂ ਦੇਸ਼ ਵਿੱਚ 16 ਜਨਵਰੀ 1978 ਨੂੰ ਜਨਤਾ ਪਾਰਟੀ ਦੀ ਗੱਠਜੋੜ ਸਰਕਾਰ ਨੇ ਵੀ ਇਨ੍ਹਾਂ ਕਾਰਨਾਂ ਨਾਲ 1000, 5000 ਅਤੇ 10,000 ਰੁਪਏ ਦੇ ਨੋਟਾਂ ਦਾ ਡੈਮੋਨੇਟਾਈਜ਼ੇਸ਼ਨ ਕੀਤੀ ਗਿਆ ਸੀ।
ਪਰ ਸਿਆਸੀ ਪਾਰਟੀਆਂ 'ਚ ਮੁੱਦਾ ਅੱਜ ਵੀ ਸਰਗਰਮ
ਪੀਐਮ ਮੋਦੀ ਵਲੋਂ ਨੋਟਬੰਦੀ ਕਰਨ ਉੱਤੇ ਰਾਜਨੀਤਕ ਪਾਰਟੀਆਂ ਵਲੋਂ ਬਿਆਨਬਾਜ਼ੀ ਵੀ ਚੰਗੀ ਤਰ੍ਹਾਂ ਕੀਤੀ ਗਈ ਸੀ। ਜਦਕਿ ਸੱਤਾਧਾਰੀ ਧਿਰ ਨੇ ਕਿਹਾ ਕਿ ਇਹ ਫ਼ੈਸਲਾ ਦੇਸ਼ ਦੇ ਹਿੱਤ ਵਿੱਚ ਹੈ, ਵਿਰੋਧੀ ਧਿਰਾਂ ਨੇ ਵੀ ਇਸ ਦੀ ਸਖ਼ਤ ਆਲੋਚਨਾ ਕੀਤੀ।
ਪ੍ਰਿਅੰਕਾ ਨੇ ਪੀਐਮ ਨੂੰ ਦਿੱਤੀ ਚੁਣੌਤੀ
ਲੋਕਸਭਾ ਚੋਣਾਂ ਵਿੱਚ ਕਾਂਗਰਸ ਦੀ ਮਹਾਸਕੱਤਰ ਪ੍ਰਿਅੰਕਾ ਗਾਂਧੀ ਨੂੰ ਯੂਪੀ ਦੀ ਕਮਾਨ ਸੌਂਪੀ ਗਈ। ਪ੍ਰਚਾਰ ਦੌਰਾਨ ਉਨ੍ਹਾਂ ਦੇ ਅਤੇ ਪੀਐਮ ਮੋਦੀ ਵਿਚਾਲੇ ਖੂਬ ਬਿਆਨਬਾਜ਼ੀ ਹੋਈ। ਪ੍ਰਧਾਨਮੰਤਰੀ ਮੋਦੀ ਨੇ ਕਾਂਗਰਸ ਨੂੰ ਚੁਣੌਤੀ ਦਿੱਤੀ ਸੀ ਕਿ ਅੰਤਿਮ ਦੋ ਦੌਰ ਦੇ ਚੋਣਾਂ ਦੌਰਾਨ ਉਹ ਸਾਬਕਾ ਪ੍ਰਧਾਨਮੰਤਰੀ ਰਾਜੀਵ ਗਾਂਧੀ ਦੇ ਨਾਂਅ ਉੱਤੇ ਲੜੇ। ਇਸ ਉੱਤੇ ਪਲਟਵਾਰ ਕਰਦਿਆਂ ਪ੍ਰਿਅੰਕਾ ਨੇ ਪੀਐਮ ਮੋਦੀ ਨੂੰ ਨੋਟਬੰਦੀ ਅਤੇ ਜੀਐਸਟੀ ਉੱਤੇ ਚੋਣਾਂ ਲੜਣ ਦੀ ਚੁਣੌਤੀ ਦੇ ਦਿੱਤੀ ਸੀ।
ਰਾਹੁਲ ਨੇ ਮਹਾਰਾਸ਼ਟਰ ਚੋਣਾਂ ਵਿੱਚ ਕੀਤਾ ਨੋਟਬੰਦੀ ਦਾ ਮੁੱਦਾ ਤਾਜ਼ਾ
ਕਾਂਗਰਸ ਨੇ ਮਹਾਰਾਸ਼ਟਰ ਅਤੇ ਹਰਿਆਣਾ ਵਿਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਨੋਟਬੰਦੀ ਦਾ ਜ਼ਿਕਰ ਕੀਤਾ। ਮੌਕਾ ਮਿਲਣ 'ਤੇ ਉਨ੍ਹਾਂ ਨੇ ਭਾਜਪਾ 'ਤੇ ਸ਼ਬਦੀ ਵਾਰ ਕੀਤਾ। ਅਕਤੂਬਰ ਵਿੱਚ, ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਦੇ ਯਵਤਮਲ ਵਿੱਚ ਹੋਈ ਇੱਕ ਚੋਣ ਰੈਲੀ ਵਿੱਚ ਐਨਡੀਏ ਸਰਕਾਰ ਉੱਤੇ ਗ਼ਲਤ ਆਰਥਿਕ ਨੀਤੀਆਂ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਬੇਰੁਜ਼ਗਾਰੀ ਪਿੱਛੇ ਨੋਟਬੰਦੀ ਅਤੇ ਜੀਐਸਟੀ ਵਰਗੇ ਗ਼ਲਤ ਫੈਸਲੇ ਹਨ। ਰਾਹੁਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਗੁਜਰਾਤ ਦੌਰੇ ਦੌਰਾਨ ਕਾਰੋਬਾਰੀਆਂ ਨੇ ਦੱਸਿਆ ਕਿ ਨੋਟਬੰਦੀ ਅਤੇ ਜੀਐਸਟੀ ਨੇ ਉਨ੍ਹਾਂ ਦੀ ਕਮਰ ਤੋੜ ਦਿੱਤੀ।
ਸਾਬਕਾ ਪੀਐਮ ਮਨਮੋਹਨ ਸਿੰਘ ਨੇ ਆਰਥਿਕ ਮੰਦੀ ਲਈ ਜ਼ਿੰਮੇਵਾਰ ਠਹਿਰਾਇਆ
ਉੱਘੇ ਅਰਥ ਸ਼ਾਸਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਮੁਤਾਬਕ ਦੇਸ਼ ਵਿੱਚ ਮੌਜੂਦਾ ਆਰਥਿਕ ਮੰਦੀ ਲਈ ਨੋਟਬੰਦੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ ਲਈ ਭਾਜਪਾ ਜ਼ਿੰਮੇਵਾਰ ਹੈ। ਡੀਮੋਨੇਟਾਈਜ਼ੇਸ਼ਨ ਭਾਰਤੀ ਅਰਥਚਾਰੇ ਨੂੰ ਲੀਹੋਂ ਲਾਹੁਣ ਦਾ ਮੁੱਖ ਕਾਰਨ ਹੈ।
ਇਹ ਵੀ ਪੜ੍ਹੋ: ਬਠਿੰਡਾ: ਤੀਜੇ ਦਿਨ ਵੀ ਜਾਰੀ ਕਿਸਾਨਾਂ ਉੱਤੇ ਸਖ਼ਤ ਕਾਰਵਾਈ, 130 ਮਾਮਲੇ ਦਰਜ
ਪੀਐਲ ਪੁਨੀਆ ਨੇ ਵੀ ਵਿੰਨ੍ਹਿਆ ਨਿਸ਼ਾਨਾ
ਕਾਂਗਰਸ ਦੇ ਸੀਨੀਅਰ ਨੇਤਾ ਪੀਐਲ ਪੁਨੀਆ ਨੇ ਕਿਹਾ ਕਿ ਮੋਦੀ ਨੇ ਨੋਟਬੰਦੀ ਤੋਂ ਬਾਅਦ 50 ਦਿਨਾਂ ਦੀ ਮੰਗ ਕੀਤੀ ਸੀ। ਹੁਣ ਤਾਂ ਗੇਂਦ ਉਨ੍ਹਾਂ ਦੇ ਪਾਸੇ ਹੈ, ਤਾਂ ਉਹ ਖੁਦ ਦੱਸਣ ਕਿ ਉਹ ਕੀ ਸੋਚਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਗਰੀਬਾਂ ‘ਤੇ ਟੈਕਸ ਦਾ ਭਾਰ ਪਾ ਰਹੀ ਹੈ ਅਤੇ ਸਨਅਤਕਾਰਾਂ ਨੂੰ ਰਾਹਤ ਦੇ ਰਹੀ ਹੈ।
ਸ਼ਰਦ ਪਵਾਰ ਨੇ ਵੀ ਕੀਤੀ ਆਲੋਚਨਾ
ਐਨਸੀਪੀ ਮੁਖੀ ਸ਼ਰਦ ਪਵਾਰ ਨੇ ਵੀ ਭਾਜਪਾ ਦੀਆਂ ਆਰਥਿਕ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਨੋਟਬੰਦੀ ਅਤੇ ਜੀਐਸਟੀ ਨੇ ਆਰਥਿਕਤਾ ਨੂੰ ਵੱਡਾ ਝਟਕਾ ਦਿੱਤਾ ਹੈ। ਇਹੀ ਕਾਰਨ ਹੈ ਕਿ ਦੇਸ਼ ਦੇ ਜੀਡੀਪੀ ਵਿੱਚ ਗਿਰਾਵਟ ਆਈ।
ਅਖਿਲੇਸ਼ ਨੇ ਕੀਤੀ ਜਨਮਦਿਨ ਮਨਾਉਣ ਦੀ ਤਿਆਰੀ
ਉੱਤਰ ਪ੍ਰਦੇਸ਼ ਦੇ ਕੰਨੌਜ ਵਿੱਚ ਨੋਟਬੰਦੀ ਦੌਰਾਨ ਪੈਦਾ ਹੋਏ ਖਚਾਂਜੀ ਨਾਂਅ ਦੇ ਬੱਚੇ ਦਾ ਜਨਮਦਿਨ ਵੀ ਰਾਜਨੀਤਕ ਬਣ ਗਿਆ ਹੈ। ਸਪਾ ਪ੍ਰਧਾਨ ਅੱਜ ਯਾਨੀ ਸ਼ੁਕਰਵਾਰ ਨੂੰ ਇਸ ਬੱਚੇ ਦਾ ਜਨਮਦਿਨ ਆਪਣੇ ਦਫ਼ਤਰ ਵਿੱਚ ਮਨਾਉਣਗੇ। ਇਸ ਦੇ ਨਾਲ ਹੀ ਉਹ ਮੋਦੀ ਸਰਕਾਰ 'ਤੇ ਵਿਅੰਗ ਕੱਸਣ ਦੀ ਕੋਸ਼ਿਸ਼ ਕਰਨਗੇ।