ਬਿਲਾਸਪੁਰ : ਵਿਸ਼ਵ ਭਰ 'ਚ ਮਸ਼ਹੂਰ ਸ਼ਕਤੀਪੀਠ ਸ੍ਰੀ ਨੈਨਾ ਦੇਵੀ ਮੰਦਰ ਨੂੰ ਸੈਨੇਟਾਈਜ਼ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਹਲਾਂਕਿ ਕਿ ਦਰਸ਼ਨਾਂ ਲਈ ਹੁਣ ਤੱਕ ਮੰਦਰ ਨੂੰ ਖੋਲ੍ਹਣ ਲਈ ਕੋਈ ਫੈਸਲਾ ਨਹੀਂ ਲਿਆ ਗਿਆ, ਪਰ ਮੰਦਰ 'ਚ ਸੈਨੇਟਾਈਜ਼ ਦੀ ਸੇਵਾ ਕਰਨ ਲਈ ਵੱਡੀ ਗਿਣਤੀ 'ਚ ਪੰਜਾਬ ਦੇ ਸ਼ਰਧਾਲੂ ਇਥੇ ਪੁੱਜ ਰਹੇ ਹਨ।
ਕੋਰੋਨਾ ਵਾਇਰਸ ਦੀ ਇਸ ਮਹਾਂਮਾਰੀ ਦੇ ਮੁਸ਼ਕਲ ਦੌਰ ਦੇ ਵਿੱਚ ਮਾਤਾ ਨੈਨਾ ਦੇਵੀ ਦੇ ਦਰਬਾਰ ਦੀ ਸਫਾਈ ਕਰਨ ਲਈ ਪੰਜਾਬ ਦੇ ਸ਼ਰਧਾਲੂ ਆਪਣਾ ਪੂਰਾ ਸਹਿਯੋਗ ਦੇ ਰਹੇ ਹਨ। ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਸ਼ਰਧਾਲੂਆਂ ਵੱਲੋਂ ਮੰਦਰ 'ਚ ਸੈਨੇਟਾਈਜ਼ ਕਰਨ ਲਈ 15 ਸਟੈਂਡ ਭੇਂਟ ਕੀਤੇ ਗਏ ਹਨ।
ਇਸ ਬਾਰੇ ਸ਼ਰਧਾਲੂ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਟੈਂਡਾਂ ਨੂੰ ਮੰਦਰ ਦੇ ਵੱਖ-ਵੱਖ ਗੇਟਾਂ ਉੱਤੇ ਲਗਾਇਆ ਜਾਵੇਗਾ ਤਾਂ ਜੋ ਮੰਦਰ 'ਚ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂ ਸੈਨੇਟਾਈਜ਼ ਹੋ ਸਕਣ। ਇਨ੍ਹਾਂ ਸਟੈਂਡਸ ਰਾਹੀਂ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਨਹੀਂ ਹੋਵੇਗੀ ਅਤੇ ਉਹ ਸੁਰੱਖਿਅਤ ਰਹਿ ਸਕਣਗੇ। ਇਸ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਮੰਦਰ ਦੇ ਨੇੜਲੇ ਇਲਾਕੇ ਤੇ ਦੁਕਾਨਾਂ ਆਦਿ ਨੂੰ ਪੂਰੀ ਤਰ੍ਹਾਂ ਨਾਲ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਮੰਦਰ ਤੱਕ ਜਾਣ ਵਾਲੇ ਰਸਤੇ ਉੱਤੇ 1-1 ਮੀਟਰ ਦੀ ਦੂਰੀ 'ਤੇ ਨਿਸ਼ਾਨ ਬਣਾਏ ਜਾ ਰਹੇ ਹਨ ਤਾਂ ਜੋ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਜਾ ਸਕੇ।
ਦੱਸਣਯੋਗ ਹੈ ਕਿ ਵਿਸ਼ਵ ਪ੍ਰਸਿੱਧ ਸ਼ਕਤੀ ਪੀਠਾ ਸ੍ਰੀ ਨੈਨਾ ਦੇਵੀ ਮੰਦਰ 17 ਮਾਰਚ ਨੂੰ ਬੰਦ ਕਰ ਦਿੱਤਾ ਗਿਆ ਸੀ। ਹਾਲਾਂਕਿ, ਕੇਂਦਰ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਵੀ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਅਜੇ ਤੱਕ ਮੰਦਰ ਦੇ ਖੋਲ੍ਹਣ ਸੰਬੰਧੀ ਕੋਈ ਦਿਸ਼ਾ ਨਿਰਦੇਸ਼ ਨਹੀਂ ਦਿੱਤੇ ਹਨ। ਇਸ ਦੇ ਲਈ ਹਿਮਾਚਲ ਪ੍ਰਦੇਸ਼ ਸਰਕਾਰ ਨੇ 8 ਜੂਨ ਨੂੰ ਮੰਦਰ ਨਾ ਖੋਲ੍ਹੇ ਜਾਣ ਸਬੰਧੀ ਨੋਟਿਸ ਜਾਰੀ ਕੀਤਾ ਸੀ।