ਮਨੀ ਭਵਨ ਦਾ ਨਿਰਮਾਣ ਸਾਲ 1912 ਵਿੱਚ ਰੇਵਾ ਸ਼ੰਕਰ ਝਾਵੇਰੀ ਵੱਲੋਂ ਕਰਵਾਇਆ ਗਿਆ ਸੀ। ਮਹਾਤਮਾਂ ਗਾਂਧੀ ਸਾਲ 1915 ਵਿੱਚ ਮੁੜ ਭਾਰਤ ਪਰਤੇ ਸਨ ਅਤੇ ਉਨ੍ਹਾਂ ਨੇ ਇਥੇ ਰਹਿ ਕੇ ਲੋਕਾਂ ਦੀ ਸੇਵਾ ਕਰਨ ਦਾ ਫੈਸਲਾ ਕੀਤਾ। ਉਸ ਦੌਰਾਨ ਗੁਰੂ ਗੋਪਾਲਕ੍ਰਿਸ਼ਨ ਗੋਖ਼ਲੇ ਨੇ ਗਾਂਧੀ ਜੀ ਨੂੰ ਆਮ ਲੋਕਾਂ ਦੇ ਜੀਵਨ ਬਾਰੇ ਸਮਝਾਇਆ ਅਤੇ ਇਸ ਤੋਂ ਬਾਅਦ ਗਾਂਧੀ ਜੀ ਨੇ ਪੂਰੇ ਦੋ ਸਾਲਾਂ ਤੱਕ ਭਾਰਤ ਦੀ ਯਾਤਰਾ ਕੀਤੀ।
ਮਨੀ ਭਵਨ 'ਚ ਗਾਂਧੀ ਜੀ ਦਾ ਕਮਰਾ
ਮਨੀ ਭਵਨ ਵਿੱਚ ਗਾਂਧੀ ਜੀ ਦਾ ਕਮਰਾ ਸਭ ਤੋਂ ਵੱਧ ਖਿੱਚ ਦਾ ਕੇਂਦਰ ਹੈ । ਇਹ ਕਮਰਾ ਭਵਨ ਦੀ ਦੂਜੀ ਮੰਜ਼ਿਲ ਉੱਤੇ ਸਥਿਤ ਹੈ। ਮਹਾਤਮਾ ਗਾਂਧੀ ਇਥੇ ਸਾਲ 1917 ਤੋਂ 1934 ਤੱਕ ਆਪਣੀ ਪਤਨੀ ਨਾਲ ਰਹੇ। ਇਹ ਕਮਰਾ ਮਨੀ ਭਵਨ ਦੇ ਦਰਸ਼ਕਾਂ ਵੱਲੋਂ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸਥਾਨ ਹੈ।
ਕਮਰੇ ਦੀ ਖ਼ਾਸੀਅਤ
ਇਸ ਕਮਰੇ ਵਿੱਚ ਅੱਜ ਵੀ ਗਾਂਧੀ ਜੀ ਵੱਲੋਂ ਇਸਤੇਮਾਲ ਕੀਤਾ ਗਿਆ ਟੈਲੀਫੋਨ , ਉਨ੍ਹਾਂ ਵੱਲੋਂ ਪੜ੍ਹੀਆਂ ਗਈਆਂ ਵੱਖ-ਵੱਖ ਕਿਤਾਬਾਂ ਅਜੇ ਵੀ ਸੁਰੱਖਿਅਤ ਰੱਖਿਆਂ ਗਈਆਂ ਹਨ। ਇਨ੍ਹਾਂ ਵਿੱਚ ਗੀਤਾ, ਕੁਰਾਨ ਸ਼ਰੀਫ, ਬਾਈਬਲ ਅਤੇ ਹੋਰਨਾਂ ਕਈ ਕਿਤਾਬਾਂ ਸ਼ਾਮਲ ਹਨ। ਇਹ ਕਮਰਾ ਉਹ ਥਾਂ ਹੈ ਜਿਥੇ ਗਾਂਧੀ ਜੀ ਨੇ ਪਹਿਲੀ ਵਾਰ ਧਾਗੇ ਦੀ ਕਤਾਈ ਸਿੱਖੀ ਸੀ।
ਗਾਂਧੀ ਜੀ ਨੇ ਮਨੀ ਭਵਨ ਤੋਂ ਹੀ ਕਈ ਵੱਖ-ਵੱਖ ਲਹਿਰਾਂ ਜਿਵੇਂ ਨੀਲ ਅੰਦੋਲਨ, ਟੈਕਸਟਾਈਲ ਮਜ਼ਦੂਰਾਂ ਦੀ ਲਹਿਰ ਅਤੇ ਸੁਤੰਤਰਤਾ ਅੰਦੋਲਨ ਦੀ ਅਗਵਾਈ ਕੀਤੀ ਸੀ। ਇਸ ਕਮਰੇ ਦੇ ਅਗੇ ਇੱਕ ਅਜਾਇਬ ਘਰ ਵੀ ਮੌਜ਼ੂਦ ਹੈ, ਜਿਸ ਵਿੱਚ ਗਾਂਧੀ ਜੀ ਦੇ ਜੀਵਨ ਨਾਲ ਸਬੰਧਤ ਉਨ੍ਹਾਂ ਦਾ ਚਰਖਾ, ਕਿਤਾਬਾ, ਘੜੀ ਆਦਿ ਕਈ ਚੀਜਾਂ ਰੱਖਿਆਂ ਗਈਆਂ ਹਨ ਅਤੇ ਦਰਸ਼ਕ ਇਸ ਨੂੰ ਵੇਖ ਸਕਦੇ ਹਨ।
ਮਨੀ ਭਵਨ ਬਾਰੇ ਈਟੀਵੀ ਭਾਰਤ ਦੀ ਟੀਮ ਨਾਲ ਗੱਲ ਕਰਦੇ ਹੋਏ ਮਨੀ ਭਵਨ ਦੇ ਟਰੱਸਟੀ ਅਤੇ ਸਕੱਤਰ ਮੇਘ ਸ਼ਿਆਮ ਅਜੈਓਂਕਾਰ ਨੇ ਦੱਸਿਆ ਕਿ ਹੁਣ ਤੱਕ ਵਿਸ਼ਵ ਦੇ ਕਈ ਮਸ਼ਹੂਰ ਲੋਕ ਵੀ ਇਥੇ ਦੌਰਾ ਕਰ ਚੁੱਕੇ ਹਨ। ਇਨ੍ਹਾਂ ਵਿੱਚ ਅਮਰੀਕਾ ਦੇ ਕਿੰਗ ਮਾਰਟਿਨ ਲੂਥਰ ਅਤੇ ਬਰਾਕ ਓਬਾਮਾ ਦਾ ਨਾਂਅ ਵੀ ਸ਼ਾਮਲ ਹੈ।
ਕਿੰਗ ਮਾਰਟਿਨ ਲੂਥਰ ਦਾ ਮਨੀ ਭਵਨ ਦੌਰਾ
ਕਿੰਗ ਮਾਰਟਿਨ ਲੂਥਰ, ਜਿਨ੍ਹਾਂ ਨੇ ਅਮਰੀਕਾ ਦੇ ਇਕ ਖ਼ਾਸ ਵਰਗ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕੀਤਾ ਸੀ, ਉਹ ਸਾਲ 1959 ਵਿੱਚ ਮੁੰਬਈ ਦੇ ਮਨੀ ਭਵਨ 'ਚ ਰਹੇ ਸੀ। ਅਜੈਓਂਕਾਰ ਨੇ ਦੱਸਿਆ ਕਿ ਜਿਸ ਵੇਲੇ ਮਾਰਟਿਨ ਲੂਥਰ ਮੁੰਬਈ ਆਏ ਤਾਂ ਉਨ੍ਹਾਂ ਦੇ ਠਹਿਰਣ ਲਈ ਇਥੇ ਵੱਧੀਆ ਹੋਵਲ 'ਚ ਪ੍ਰਬੰਧ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਸਾਰੀਆਂ ਸਹੂਲਤਾਂ ਨੂੰ ਦਰਕਿਨਾਰ ਕਰਦਿਆਂ ਮਨੀ ਭਵਨ ਵਿੱਚ ਰਹਿਣ ਦੀ ਜ਼ਿਦ ਕੀਤੀ।
ਮਾਰਟਿਨ ਲੂਥਰ ਇਥੇ ਆਪਣੀ ਪਤਨੀ ਨਾਲ ਦੋ ਦਿਨ ਰੁਕੇ। ਇਥੇ ਰੁਕਣ ਮਗਰੋਂ ਉਨ੍ਹਾਂ ਨੇ ਇਥੇ ਗਾਂਧੀ ਜੀ ਬਾਰੇ ਜਾਣਿਆ ਅਤੇ ਸੱਚੇ ਅਰਥਾਂ ਇਥੇ ਰਹਿਣ ਨੂੰ ਅਸੀਸ ਵਜੋਂ ਮਹਿਸੂਸ ਕੀਤਾ। ਇਸ ਤੋਂ ਠੀਕ 50 ਸਾਲਾਂ ਤੋਂ ਬਾਅਦ 2001 ਵਿੱਚ ਉਨ੍ਹਾਂ ਦੇ ਪੁੱਤਰ ਮਾਰਟਿਨ ਲੂਥਰ ਜੂਨੀਅਰ ਨੇ ਆਪਣੀ ਪਤਨੀ ਨਾਲ ਮਨੀ ਭਵਨ ਦਾ ਦੌਰਾ ਕੀਤਾ।
ਬਰਾਕ ਓਬਾਮਾ ਦਾ ਮਨੀ ਭਵਨ ਦੌਰਾ
ਕਿੰਗ ਮਾਰਟਿਨ ਲੂਥਰ ਅਤੇ ਉਨ੍ਹਾਂ ਦੇ ਪੁੱਤਰ ਤੋਂ ਬਾਅਦ ਬਰਾਕ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਨੇ ਵੀ ਆਪਣੀ ਭਾਰਤ ਯਾਤਰਾ ਦੌਰਾਨ ਮਨੀ ਭਵਨ ਦਾ ਦੌਰਾ ਕੀਤਾ। ਇਥੇ ਉਨ੍ਹਾਂ ਨੇ ਇਥੇ ਲਗਭਗ ਢੇਣ ਘੰਟੇ ਤੋਂ ਵੱਧ ਸਮਾਂ ਬਤੀਤ ਕੀਤਾ ਅਤੇ ਗਾਂਧੀ ਜੀ ਦੇ ਜੀਵਨ ਬਾਰੇ ਜਾਣਿਆ।
ਅਜੈਓਂਕਾਰ ਨੇ ਈਟੀਵੀ ਨੂੰ ਦੱਸਿਆ ਹਰ ਸਾਲ ਇਥੇ ਲੱਖਾਂ ਦੀ ਗਿਣਤੀ ਵਿੱਚ ਦਰਸ਼ਕ ਆਉਂਦੇ ਹਨ। ਉਨ੍ਹਾਂ ਕਿਹਾ ਕਿ ਮਹਾਤਮਾਂ ਗਾਂਧੀ ਜੀ ਨੇ ਸਾਨੂੰ ਸੱਚਾਈ, ਪਿਆਰ ਅਤੇ ਅਹਿੰਸਾ ਦਾ ਸੰਦੇਂਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਰੇ ਦੇਸ਼ਵਾਸੀ ਸ਼ਾਂਤੀ ਅਤੇ ਆਪਸੀ ਭਾਈਚਾਰੇ ਨਾਲ ਰਹਿੰਦੇ ਹਨ ਤਾਂ ਇਹ ਗਾਂਧੀ ਜੀ ਲਈ ਸਾਡੇ ਵੱਲੋਂ ਮਹਾਨ ਸ਼ਰਧਾਂਜਲੀ ਹੋਵੇਗੀ।