ਅੰਬਾਲਾ: ਇੱਕ ਦਿੱਗਜ ਸਿਆਸਤਦਾਨ ਅਤੇ ਹੱਸਮੁਖ ਚਿਹਰੇ ਵਾਲੀ ਅੰਬਾਲਾ ਦੀ ਧੀ ਸੁਸ਼ਮਾ ਸਵਰਾਜ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੀ, ਪਰ ਉਨ੍ਹਾਂ ਦੀਆਂ ਯਾਦਾਂ ਹਮੇਸ਼ਾ ਅਮਰ ਰਹਿਣਗੀਆਂ। ਅੰਬਾਲਾ ਵਿੱਚ ਸੁਸ਼ਮਾ ਸਵਰਾਜ ਦੇ ਮੁਹੱਲੇ ਵਿੱਚ ਇੱਕ ਚੀਜ਼ ਅਜਿਹੀ ਸੀ ਜਿਸਦਾ ਸਵਾਦ ਚੱਖਣਾ ਉਹ ਕਦੇ ਨਹੀਂ ਭੁੱਲਦੇ ਸਨ।
ਸੁਸ਼ਮਾ ਸਵਰਾਜ ਦੀਆਂ ਇਨ੍ਹਾਂ ਯਾਦਾਂ ਨੂੰ ਇੱਕਠਾ ਕਰਨ ਈਟੀਵੀ ਭਾਰਤ ਦੀ ਟੀਮ ਅੰਬਾਲਾ ਦੀ ਉਸ ਦੁਕਾਨ ਉੱਤੇ ਪਹੁੰਚੀ, ਜਿੱਥੋਂ ਦੇ ਛੋਲੇ ਪੂਰੀ ਸੁਸ਼ਮਾ ਸਵਰਾਜ ਨੂੰ ਕਾਫ਼ੀ ਪਸੰਦ ਸਨ। ਇਸ ਬਾਰੇ ਜਦੋਂ ਸਾਡੇ ਰਿਪੋਰਟਰ ਨੇ ਕਾਲਕਾ ਵਾਲੇ ਹਲਵਾਈ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਸੁਸ਼ਮਾ ਸਵਰਾਜ ਨੂੰ ਹਮੇਸ਼ਾ ਤੋਂ ਹੀ ਇੱਥੋਂ ਦੇ ਪੂਰੀ ਛੋਲੇ ਪਸੰਦ ਸਨ। ਜਦੋਂ ਵੀ ਉਹ ਆਪਣੇ ਪੇਕੇ ਆਉਂਦੀ ਤਾਂ ਉਨ੍ਹਾਂ ਦੇ ਭਰਾ ਗੁਲਸ਼ਨ ਉਨ੍ਹਾਂ ਲਈ ਇੱਥੋਂ ਪੂਰੀ-ਛੋਲੇ ਜ਼ਰੂਰ ਮੰਗਵਾਉਂਦੇ ਸਨ। ਇੰਨਾ ਹੀ ਨਹੀਂ ਕਦੇ-ਕਦੇ ਉਹ ਇੱਥੇ ਦੀਆਂ ਜਲੇਬੀਆਂ ਦਾ ਵੀ ਸਵਾਦ ਚੱਖ ਲੈਂਦੇ ਸਨ।
ਕਲਕਾ ਦੇ ਹਲਵਾਈ ਓਮ ਪ੍ਰਕਾਸ਼ ਨੇ ਦੱਸਿਆ ਕਿ ਜਦੋਂ ਵੀ ਸੁਸ਼ਮਾ ਸਵਰਾਜ ਇੱਥੋਂ ਪੰਜਾਬ ਜਾਂਦੀ ਸੀ ਤਾਂ ਉਨ੍ਹਾਂ ਦੇ ਲਈ ਟਿਫਿਨ ਇੱਥੋਂ ਪੈਕ ਹੋਕੇ ਜਾਂਦਾ ਸੀ। ਉਨ੍ਹਾਂ ਨੇ ਕਿਹਾ ਕਿ ਭੈਣ ਜੀ ਤਾਂ ਇੱਥੋਂ ਦੀ ਸ਼ਾਨ ਸੀ ਅਤੇ ਇੱਥੇ ਦਾ ਪੂਰਾ ਬਾਜ਼ਾਰ ਉਨ੍ਹਾਂ ਦਾ ਕਰਜ਼ਦਾਰ ਹੈ।
ਉਨ੍ਹਾਂ ਕਿਹਾ ਕਿ ਸੁਸ਼ਮਾ ਸਵਰਾਜ ਨੇ ਇੱਥੇ ਦੀਆਂ ਤਿੰਨ ਪੀੜੀਆਂ ਨੂੰ ਪਿਆਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਅਤੇ ਮੁਹੱਲਾ ਵਾਸੀ ਸੁਸ਼ਮਾ ਸਵਰਾਜ ਦੇ ਪਿਆਰ ਨੂੰ ਕਦੇ ਭੁਲਾ ਨਹੀਂ ਪਾਉਣਗੇ।