ਨਵੀਂ ਦਿੱਲੀ: ਸੁਪਰੀਮ ਕੋਰਟ ਵੀਰਵਾਰ ਨੂੰ ਸਬਰੀਮਾਲਾ ਮੰਦਰ ਵਿੱਚ ਔਰਤਾਂ ਦੇ ਦਾਖਲੇ ਅਤੇ ਰਾਫੇਲ ਸੌਦੇ ਦੇ ਫੈਸਲੇ ਵਿਰੁੱਧ ਰੀਵਿਊ ਪਟੀਸ਼ਨ ਉੱਤੇ ਫ਼ੈਸਲਾ ਸੁਣਾਵੇਗਾ। ਸੁਪਰੀਮ ਕੋਰਟ ਨੇ 14 ਦਸੰਬਰ 2018 ਨੂੰ ਰਾਫੇਲ ਲੜਾਕੂ ਜਹਾਜ਼ ਸੌਦੇ ਨੂੰ ਬਰਕਰਾਰ ਰੱਖਣ ਦਾ ਫੈਸਲਾ ਸੁਣਾਇਆ ਸੀ। ਇਸ ਤੋਂ ਬਾਅਦ ਇਸ ਵਿਰੁੱਧ ਰੀਵਿਊ ਪਟੀਸ਼ਨ ਦਾਖਲ ਕੀਤੀ ਗਈ ਸੀ। ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ, ਜਸਟਿਸ ਐਸ ਕੇ ਕੌਲ ਅਤੇ ਜਸਟਿਸ ਕੇ ਐਮ ਜੋਜ਼ਫ ਦਾ ਬੈਂਚ ਰਾਫੇਲ ਮਾਮਲੇ ਵਿੱਚ ਫੈਸਲਾ ਸੁਣਾਵੇਗਾ।
ਦਰਅਸਲ 14 ਦਸੰਬਰ 2018 ਨੂੰ ਸੁਪਰੀਮ ਕੋਰਟ ਨੇ 50 ਹਜਾ਼ਰ ਕਰੋੜ ਦੇ ਇਸ ਸਮਝੌਤੇ ਵਿੱਚ ਬੇਨਿਯਮੀਆਂ ਵਿਰੁੱਧ ਜਾਂਚ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਸੀ।
ਦੂਜੇ ਪਾਸੇ ਸਬਰੀਮਾਲਾ ਮੰਦਰ ਮਾਮਲੇ ਵਿੱਚ ਸੁਪਰੀਮ ਕੋਰਟ 56 ਮੁੜ ਵਿਚਾਰ ਪਟੀਸ਼ਨਾਂ, ਚਾਰ ਤਾਜ਼ਾ ਰਿੱਟ ਪਟੀਸ਼ਨਾਂ ਅਤੇ ਮਾਮਲੇ ਦੇ ਤਬਾਦਲੇ ਸਬੰਧੀ ਪੰਜ ਪਟੀਸ਼ਨਾਂ ਸਣੇ 65 ਪਟੀਸ਼ਨਾਂ ਉੱਤੇ ਆਪਣਾ ਫੈਸਲਾ ਸੁਣਾਵੇਗਾ।
ਸਬਰੀਮਾਲਾ ਉੱਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕੇਰਲ ਵਿੱਚ ਹਿੰਸਕ ਪ੍ਰਦਰਸ਼ਨ ਹੋਏ ਸਨ। ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਸੰਵਿਧਾਨਕ ਬੈਂਚ ਨੇ 28 ਦਸੰਬਰ 2018 ਨੂੰ ਉਸ ਦੇ ਫੈਸਲੇ ਵਿਰੁੱਧ ਮੁੜ ਵਿਚਾਰ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਉੱਤੇ ਸੁਣਵਾਈ ਕਰਨ ਤੋਂ ਬਾਅਦ 6 ਫਰਵਰੀ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਦੱਸ ਦਈਏ ਕਿ 28 ਦਸੰਬਰ 2018 ਨੂੰ ਜੋ ਫੈਸਲਾ ਦਿੱਤਾ ਗਿਆ ਸੀ ਉਸ ਵਿੱਚ ਕੇਰਲ ਦੇ ਮਸ਼ਹੂਰ ਅਯੱਪਾ ਮੰਦਰ ਵਿੱਚ 10 ਤੋਂ 50 ਸਾਲ ਦੀ ਉਮਰ ਵਾਲੀਆਂ ਬੱਚੀਆਂ ਅਤੇ ਔਰਤਾਂ ਦੇ ਦਾਖਲੇ ਉੱਤੇ ਲੱਗੀ ਰੋਕ ਨੂੰ ਹਟਾ ਦਿੱਤਾ ਸੀ।