ਨਵੀਂ ਦਿੱਲੀ: ਪਟਿਆਲਾ ਹਾਊਸ ਕੋਰਟ ਨੇ ਸਾਬਕਾ ਕਾਂਗਰਸੀ ਨੇਤਾ ਸੱਜਣ ਕੁਮਾਰ ਖ਼ਿਲਾਫ਼ 1984 ਦੇ ਸਿੱਖ ਕਤਲੇਆਮ ਦੇ ਕੇਸ ਵਿੱਚ ਦਿੱਲੀ ਦੇ ਕੇਸ ਦੀ ਸੁਣਵਾਈ ਟਾਲ ਦਿੱਤੀ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 7 ਫ਼ਰਵਰੀ ਨੂੰ ਹੋਵੇਗੀ।
ਭਰਾ ਦੇ ਕਤਲ ਦਾ ਇਲਜ਼ਾਮ
ਇਸ ਤੋਂ ਪਹਿਲਾਂ ਹੋਈ ਸੁਣਵਾਈ ਦੌਰਾਨ ਇਸ ਮਾਮਲੇ ਦੇ ਚਸ਼ਮਦੀਦ ਗਵਾਹ ਜੋਗਿੰਦਰ ਸਿੰਘ ਨੇ ਪੁੱਛਗਿੱਛ ਦੌਰਾਨ ਕਿਹਾ ਕਿ ਸੱਜਣ ਕੁਮਾਰ ਤੇ ਹੋਰ ਮੁਲਜ਼ਮਾਂ ਨੇ ਮੇਰੇ ਭਰਾ ਦਾ ਕਤਲ ਕੀਤਾ ਤੇ ਗਹਿਣੇ ਆਦਿ ਲੁੱਟ ਲਏ ਸਨ।
28 ਮਾਰਚ 2019 ਨੂੰ ਜੋਗਿੰਦਰ ਸਿੰਘ ਨੇ ਆਪਣੇ ਬਿਆਨ ਵਿੱਚ ਪਟਿਆਲਾ ਹਾਊਸ ਕੋਰਟ ਨੂੰ ਦੱਸਿਆ ਸੀ ਕਿ ਸੱਜਣ ਕੁਮਾਰ ਨੇ ਭੀੜ ਦੀ ਅਗਵਾਈ ਕੀਤੀ ਤੇ ਉਨ੍ਹਾਂ ਨੂੰ ਭੜਕਾਇਆ। ਜੋਗਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਐਫਆਈਆਰ ਲਿਖਣ ਲਈ ਪੁਲਿਸ ਕੋਲ ਪਹੁੰਚਿਆ ਤਾਂ ਪੁਲਿਸ ਨੇ ਸੱਜਣ ਕੁਮਾਰ ਦਾ ਨਾਂਅ ਲਿਖਣ ਤੋਂ ਇਨਕਾਰ ਕਰ ਦਿੱਤਾ। ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸ ਕਤਲੇਆਮ ਵਿੱਚ ਉਸ ਦਾ ਭਰਾ ਮਾਰਿਆ ਗਿਆ ਸੀ।
ਸੱਜਣ ਕੁਮਾਰ ਜੇਲ੍ਹ ਵਿੱਚ ਬੰਦ ਹੈ
7 ਮਾਰਚ, 2019 ਨੂੰ ਇਸ ਕੇਸ ਦੀ ਮੁੱਖ ਗਵਾਹ ਚਮਕੌਰ ਦੀ ਕਰਾਸ-ਜਾਂਚ ਖ਼ਤਮ ਹੋ ਗਈ। ਇਕ ਹੋਰ ਸਿੱਖ ਵਿਰੋਧੀ ਦੰਗਿਆਂ ਦੇ ਕੇਸ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਸੱਜਣ ਕੁਮਾਰ ਦਿੱਲੀ ਦੀ ਜੇਲ੍ਹ ਵਿਚ ਹੈ। ਸੱਜਣ ਕੁਮਾਰ ਨੇ 31 ਦਸੰਬਰ 2018 ਨੂੰ ਕੜਕੜਡੂਮਾਕੋਰਟ, ਦਿੱਲੀ ਵਿੱਚ ਆਤਮ ਸਮਰਪਣ ਕਰ ਦਿੱਤਾ।